ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ
ਅਹਿਮਦਾਬਾਦ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘AURA India Tour’ ਕੰਸਰਟ ਦੌਰਾਨ ਮੋਬਾਈਲ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਹਜ਼ਾਰਾਂ ਲੋਕ ਜਿੱਥੇ ਗਾਇਕ ਦੀ ਪੇਸ਼ਕਾਰੀ ਦਾ ਆਨੰਦ ਲੈਣ ਪਹੁੰਚੇ ਸਨ, ਉੱਥੇ ਦਿੱਲੀ ਤੋਂ ਆਏ ਚਾਰ ਮੈਂਬਰਾਂ ਦੇ ਗਿਰੋਹ ਦਾ ਮਕਸਦ ਭੀੜ ਦਾ ਫਾਇਦਾ ਉਠਾ ਕੇ ਮਹਿੰਗੇ ਮੋਬਾਈਲ ਚੋਰੀ ਕਰਨਾ ਸੀ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਦਿੱਲੀ ਤੋਂ ਅਹਿਮਦਾਬਾਦ ਪਹੁੰਚਣ ਲਈ ਕਰੀਬ 20 ਹਜ਼ਾਰ ਰੁਪਏ ਖਰਚ ਕੀਤੇ ਅਤੇ ਸਟੇਡੀਅਮ ਵਿੱਚ ਦਾਖ਼ਲ ਹੋਣ ਲਈ ਮਹਿੰਗੇ ਗੋਲਡ ਸਟੈਂਡਿੰਗ ਪਾਸ ਵੀ ਖਰੀਦੇ। ਹਾਲਾਂਕਿ, ਪੁਲਿਸ ਨੇ ਕੰਸਰਟ ਖ਼ਤਮ ਹੋਣ ਤੋਂ ਪਹਿਲਾਂ ਹੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਚੋਰੀ ਦੇ 11 ਮੋਬਾਈਲ ਫੋਨ ਬਰਾਮਦ ਕੀਤੇ।
ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਨੇ ਵਧਾਈ ਨਿਗਰਾਨੀ
ਜਾਣਕਾਰੀ ਅਨੁਸਾਰ ਲੋਕਲ ਕ੍ਰਾਈਮ ਬ੍ਰਾਂਚ (LCB) ਜ਼ੋਨ-2 ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਆਏ ਕੁਝ ਜੇਬਕਤਰੇ ਦਿਲਜੀਤ ਦੇ ਕੰਸਰਟ ਦੌਰਾਨ ਮੋਬਾਈਲ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ LCB ਅਤੇ ਮੋਟੇਰਾ ਪੁਲਿਸ ਦੀਆਂ ਟੀਮਾਂ ਨੇ ਸਟੇਡੀਅਮ ਦੇ ਆਲੇ-ਦੁਆਲੇ ਨਿਗਰਾਨੀ ਵਧਾ ਦਿੱਤੀ। ਕੰਸਰਟ ਖ਼ਤਮ ਹੋਣ ਮਗਰੋਂ ਜਦੋਂ ਦਰਸ਼ਕ ਬਾਹਰ ਨਿਕਲਣ ਲੱਗੇ ਤਾਂ ਪੁਲਿਸ ਨੇ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖੀ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਖ਼ਾਸ ਤੌਰ ‘ਤੇ ਮੋਬਾਈਲ ਚੋਰੀ ਕਰਨ ਦੇ ਇਰਾਦੇ ਨਾਲ ਦਿੱਲੀ ਤੋਂ ਅਹਿਮਦਾਬਾਦ ਆਏ ਸਨ।
ਆਈਫੋਨ ਸਮੇਤ 4.30 ਲੱਖ ਦੇ 11 ਮੋਬਾਈਲ ਬਰਾਮਦ
ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 11 ਮੋਬਾਈਲ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 4.30 ਲੱਖ ਰੁਪਏ ਦੱਸੀ ਜਾ ਰਹੀ ਹੈ। ਬਰਾਮਦ ਫੋਨਾਂ ਵਿੱਚ iPhone 17 Pro Max, iPhone 16, iPhone 14, Samsung Fold 8 Ultra, OnePlus, Nothing ਅਤੇ Redmi ਵਰਗੀਆਂ ਕੰਪਨੀਆਂ ਦੇ ਮੋਬਾਈਲ ਸ਼ਾਮਲ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਬਰਾਮਦ ਕੀਤੇ ਗਏ ਫੋਨ ਮੋਟੇਰਾ ਥਾਣੇ ਵਿੱਚ ਦਰਜ ਚੋਰੀ ਦੇ ਘੱਟੋ-ਘੱਟ ਛੇ ਮਾਮਲਿਆਂ ਨਾਲ ਸਬੰਧਤ ਹੋ ਸਕਦੇ ਹਨ। ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ (BNS) 2023 ਦੀ ਧਾਰਾ 303(2) ਤਹਿਤ ਦਰਜ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਗਿਰੋਹ ਦੇ ਦੋ ਮੈਂਬਰ ਅਜੇ ਵੀ ਫਰਾਰ
ਪੁਲਿਸ ਮੁਤਾਬਕ ਇਹ ਗਿਰੋਹ ਚਾਰ ਵਿਅਕਤੀਆਂ ਦਾ ਸੀ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਦੋ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਫਰਾਰ ਮੁਲਜ਼ਮਾਂ ਕੋਲੋਂ ਵੀ ਚੋਰੀ ਦੇ ਹੋਰ ਮੋਬਾਈਲ ਫੋਨ ਬਰਾਮਦ ਹੋ ਸਕਦੇ ਹਨ। ਮੁੱਢਲੀ ਕਾਰਵਾਈ ਤੋਂ ਬਾਅਦ LCB ਜ਼ੋਨ-2 ਦੀ ਟੀਮ ਨੇ ਗ੍ਰਿਫ਼ਤਾਰ ਮੁਲਜ਼ਮਾਂ ਅਤੇ ਬਰਾਮਦ ਮੋਬਾਈਲ ਫੋਨਾਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਮੋਟੇਰਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।