ਲੁਧਿਆਣਾ ਬੱਸ ਸਟੈਂਡ ‘ਤੇ ਨਸ਼ੇ ਦੀ ਹਾਲਤ ‘ਚ ਝੂਲਦੀ ਦਿਖੀ ਕੁੜੀ

Ludhiana News: ਬੀਤੀ ਰਾਤ ਲੁਧਿਆਣਾ ਦੇ ਬੱਸ ਸਟੈਂਡ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਦ੍ਰਿਸ਼ ਸਾਹਮਣੇ ਆਇਆ, ਜਿੱਥੇ ਇੱਕ ਲੜਕੀ ਨਸ਼ੇ ਦੀ ਹਾਲਤ ‘ਚ ਲੜਖੜਾਉਂਦੀ ਦੇਖੀ ਗਈ। ਉਸ ਨੇ ਨਸ਼ਾ ਇਸ ਕਦਰ ਕੀਤਾ ਹੋਇਆ ਸੀ ਕਿ ਨਾ ਤਾਂ ਉਸ ਤੋਂ ਬੈਠ ਹੋ ਰਿਹਾ ਸੀ ਤੇ ਨਾ ਹੀ ਸਹੀ ਤਰੀਕੇ ਨਾਲ ਖੜ੍ਹੀ ਹੋ ਪਾ ਰਹੀ ਸੀ। ਇਸ ਤਰ੍ਹਾਂ ਦੀ ਵੀਡੀਓਜ਼ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਤੇ ਹੁਣ ਇਹ ਨਵੇਂ ਮਾਮਲੇ ਨੇ ਲੋਕਾਂ ‘ਚ ਚਿੰਤਾ ਪੈਦਾ ਕਰ ਦਿੱਤੀ ਹੈ।
ਇਸ ਦੌਰਾਨ ਲੋਕਾਂ ਨੇ ਲੜਕੀ ਦੀ ਮਦਦ ਵੀ ਕੀਤੀ। ਉਸ ਨੂੰ ਪਾਣੀ ਪਿਲਾਇਆ ਤੇ ਉਸ ਦੇ ਮੂੰਹ ‘ਤੇ ਪਾਣੀ ਦੇ ਛਿੱਟੇ ਵੀ ਮਾਰੇ। ਹਾਲਾਂਕਿ, ਇਸ ਦੇ ਬਾਵਜੂਦ ਵੀ ਉਸ ਨੂੰ ਕੋਈ ਹੋਸ਼ ਨਹੀਂ ਆ ਪਾਈ, ਜਦੋਂ ਕਦੇ ਹੋਸ਼ ਵੀ ਆਉਂਦੀ ਤਾਂ ਕੁੜੀ ਮਦਦ ਕਰਨ ਵਾਲੇ ਲੋਕਾਂ ਨਾਲ ਹੀ ਬਦਤਮੀਜ਼ੀ ਕਰਨ ਲੱਗ ਪੈਂਦੀ।
20-25 ਕੁੜੀਆਂ ਦਾ ਗਿਰੋਹ
ਮੌਕੇ ‘ਤੇ ਮੌਜੂਦ ਇੱਕ ਆਟੋ ਚਾਲਕ ਨੇ ਦੱਸਿਆ ਕਿ ਇਹ ਸਿਰਫ਼ ਇਕੱਲੀ ਲੜਕੀ ਨਹੀਂ ਹੈ। ਅਜਿਹੀਆਂ ਕਰੀਬ 20 ਤੋਂ 25 ਨਸ਼ੇ ਕਰਨ ਵਾਲੀਆਂ ਕੁੜੀਆਂ ਇੱਥੇ ਘੁੰਮਦੀਆਂ ਰਹਿੰਦਆ ਹਨ। ਜਿਸ ਨਾਲ ਉਨ੍ਹਾਂ ਨੂੰ ਵੀ ਦਿੱਕਤ ਆਉਂਦੀ ਤੇ ਲੋਕ ਵੀ ਇਸ ਨੂੰ ਲੈ ਕੇ ਪਰੇਸ਼ਾਨ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਾ ਗਿਰੋਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੰਦਾ ਹੈ।
ਨਸ਼ੇੜੀ ਲੋਕਾਂ ਨਾਲ ਕਰਦੇ ਹਨ ਲੁੱਟ-ਖੋਹ
ਮੌਕੇ ‘ਤੇ ਮੌਜੂਦ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਇਸ ਤਰ੍ਹਾਂ ਕਈ ਕੁੜੀਆਂ-ਮੁੰਡੇ ਨਸ਼ੇ ਦੀ ਹਾਲਤ ‘ਚ ਘੁੰਮਦੇ ਰਹਿੰਦੇ ਹਨ। ਪੁਲਿਸ ਉਨ੍ਹਾਂ ਦੇ ਕਾਰਵਾਈ ਵੀ ਕਰਦੀ ਹੈ, ਪਰ ਜਦੋਂ ਪੁਲਿਸ ਚੈਕਿੰਗ ਲਈ ਆਉਂਦੀ ਹੈ ਤਾਂ ਇਹ ਸਭ ਉੱਥੋਂ ਫਰਾਰ ਹੋ ਜਾਂਦੇ ਹਨ। ਇਹ ਰੋਜ਼ਾਨਾ ਦਾ ਦ੍ਰਿਸ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਨਸ਼ੇੜੀਆਂ ਵੱਲੋਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਆਮ ਹਨ। ਨਸ਼ੇੜੀ ਕਦੇ ਲੋਕਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਤੋਂ ਲੁੱਟ ਕਰਦੇ ਹਨ ਤੇ ਕਦੇ ਉਨ੍ਹਾਂ ਨਾਲ ਆਮ ਹੀ ਝਗੜਾ ਕਰਨ ਲੱਗ ਜਾਂਦੇ ਹਨ।