ਫਰਾਂਸ ’ਚ ਹਿੰਸਾ ਮਗਰੋਂ ਸਰਕਾਰ ਸਖ਼ਤ, ਪੈਰਿਸ ਸਮੇਤ ਕਈ ਸ਼ਹਿਰਾਂ ’ਚ ਕਰਫਿਊ ਤੇ ਪ੍ਰਦਰਸ਼ਨਾਂ ’ਤੇ ਪਾਬੰਦੀ
Government strict after violence in France: ਪੈਰਿਸ: ਫਰਾਂਸ ਵਿੱਚ ਮਹਿੰਗਾਈ, ਵਧਦੀ ਜੀਵਨ-ਲਾਗਤ ਅਤੇ ਜਨਤਕ ਸੇਵਾਵਾਂ ਦੀ ਮਾੜੀ ਹਾਲਤ ਵਿਰੁੱਧ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ, ਅੱਗਜ਼ਨੀ ਅਤੇ ਲੁੱਟਮਾਰ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਨੇ ਕਈ ਸ਼ਹਿਰਾਂ ਵਿੱਚ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਪੈਰਿਸ, ਲਿਲ, ਨੀਸ ਅਤੇ ਮਾਰਸੇਈ ਸਮੇਤ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਾਂ ’ਤੇ ਰੋਕ ਲਗਾਈ ਗਈ ਹੈ, ਜਦਕਿ ਕੁਝ ਇਲਾਕਿਆਂ ਵਿੱਚ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਫਰਾਂਸ ਦੇ ਗ੍ਰਹਿ ਮੰਤਰਾਲੇ ਅਨੁਸਾਰ, ਹਿੰਸਾ ਦੇ ਮਾਮਲਿਆਂ ਵਿੱਚ ਲਗਭਗ 2,400 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਰੀਬ 1,000 ਪੁਲੀਸ ਮੁਲਾਜ਼ਮ ਤੇ ਜੈਂਡਰਮੇਰੀ ਦੇ ਜਵਾਨ ਜ਼ਖ਼ਮੀ ਹੋਏ ਹਨ। ਸ਼ਨੀਵਾਰ ਨੂੰ ਇੱਕ ਪ੍ਰਦਰਸ਼ਨਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।
ਪੈਰਿਸ ਦੇ ਕੁਝ ਇਲਾਕਿਆਂ ’ਚ ਰਾਤ 11 ਤੋਂ ਸਵੇਰੇ 6 ਵਜੇ ਤੱਕ ਕਰਫਿਊ
ਪੈਰਿਸ ਪੁਲੀਸ ਨੇ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਈ ਹੈ। ਪਲਾਸ ਦੇ ਲਾ ਰਿਪਬਲਿਕ ਅਤੇ ਲੇ ਆਲ ਇਲਾਕਿਆਂ ਵਿੱਚ ਰਾਤ 11 ਵਜੇ ਤੋਂ ਮੰਗਲਵਾਰ ਸਵੇਰੇ 6 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ। ਪਾਬੰਦੀਆਂ ਨੂੰ ਲਾਗੂ ਕਰਵਾਉਣ ਲਈ ਵਾਧੂ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਲਿਲ, ਦੂਏ, ਵਾਟਿਨੀ ਅਤੇ ਦੇਨੈਂ ਦੇ ਕੁਝ ਇਲਾਕਿਆਂ ਵਿੱਚ ਨਾਬਾਲਗਾਂ ਦੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਾਹਰ ਨਿਕਲਣ ’ਤੇ ਅਗਲੇ ਦੋ ਦਿਨਾਂ ਲਈ ਰੋਕ ਲਗਾਈ ਗਈ ਹੈ। ਨੀਸ ਵਿੱਚ ਵੀ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਨਾਬਾਲਗਾਂ ਲਈ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਮਾਰਸੇਈ ਵਿੱਚ ਜਨਤਕ ਇਕੱਠਾਂ ਅਤੇ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਈ ਗਈ ਹੈ। ਪ੍ਰਧਾਨ ਮੰਤਰੀ ਸੇਬਾਸਤਿਅਨ ਲੇਕੋਰਨੂ ਨੇ ਕਿਹਾ ਕਿ ਪੂਰੇ ਪੈਰਿਸ ਵਿੱਚ ਕਰਫਿਊ ਲਗਾਉਣ ਦੀ ਬਜਾਏ ਹਿੰਸਾ ਤੋਂ ਪ੍ਰਭਾਵਿਤ ਚੋਣਵੇਂ ਇਲਾਕਿਆਂ ਵਿੱਚ ਪਾਬੰਦੀਆਂ ਲਗਾਉਣਾ ਵਧੇਰੇ ਢੁੱਕਵਾਂ ਹੈ। ਉਨ੍ਹਾਂ ਐਮਰਜੈਂਸੀ ਐਲਾਨਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਅਤੇ ਕਿਹਾ ਕਿ ਕਾਨੂੰਨ-ਵਿਵਸਥਾ ਬਹਾਲ ਕਰਨਾ ਸਰਕਾਰ ਦੀ ਤਰਜੀਹ ਹੈ।
3,000 ਦੁਕਾਨਾਂ ਪ੍ਰਭਾਵਿਤ ਹੋਣ ਦਾ ਦਾਅਵਾ
ਫਰਾਂਸ ਵਿੱਚ ਹਿੰਸਾ ਦੌਰਾਨ ਦੁਕਾਨਾਂ, ਸਰਕਾਰੀ ਇਮਾਰਤਾਂ ਅਤੇ ਹੋਰ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਵਪਾਰ ਅਤੇ ਪ੍ਰਚੂਨ ਕਾਰੋਬਾਰ ਨਾਲ ਜੁੜੇ ਇੱਕ ਸੰਗਠਨ ਮੁਤਾਬਕ, ਹਫ਼ਤੇ ਦੇ ਅੰਤ ’ਤੇ ਹੋਈ ਹਿੰਸਾ ਕਾਰਨ ਲਗਭਗ 3,000 ਦੁਕਾਨਾਂ ਪ੍ਰਭਾਵਿਤ ਹੋਈਆਂ ਹਨ। ਸੰਗਠਨ ਨੇ ਸਰਕਾਰ ਤੋਂ ਪ੍ਰਭਾਵਿਤ ਕਾਰੋਬਾਰੀਆਂ ਨੂੰ ਟੈਕਸ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਰਾਹਤਾਂ ਦੇਣ ਦੀ ਮੰਗ ਕੀਤੀ ਹੈ।
ਪੈਰਿਸ ਦੇ ਕੇਂਦਰੀ ਹਿੱਸੇ ਵਿੱਚ ਕਈ ਲਗਜ਼ਰੀ ਬ੍ਰਾਂਡਾਂ ਦੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਲਾਸ ਵੈਂਡੋਮ ਇਲਾਕੇ ਵਿੱਚ ਡਿਓਰ ਸਟੋਰ ਦੇ ਦਾਖ਼ਲਾ ਗੇਟ ਨੂੰ ਨੁਕਸਾਨ ਪਹੁੰਚਾਇਆ ਗਿਆ, ਜਦਕਿ ਰੋਲੇਕਸ, ਲੂਈ ਵੁਈਤੋਂ, ਰਾਲਫ਼ ਲੌਰੇਨ ਅਤੇ ਗੁੱਚੀ ਦੇ ਸਟੋਰਾਂ ਦੀਆਂ ਖਿੜਕੀਆਂ ਵੀ ਤੋੜੀਆਂ ਗਈਆਂ। ਮਾਰਸੇਈ ਫੁੱਟਬਾਲ ਕਲੱਬ ਓਲੰਪਿਕ ਡੀ ਮਾਰਸੇਈ ਨੇ ਵੀ ਆਪਣੇ ਅਧਿਕਾਰਤ ਸਟੋਰ ਵਿੱਚ ਲੁੱਟਮਾਰ ਹੋਣ ਦੀ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਲੇਕੋਰਨੂ ਨੇ ਕਿਹਾ ਕਿ ਹਿੰਸਾ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਮੰਗਲਵਾਰ ਤੋਂ ਕਰਮਚਾਰੀਆਂ ਨੂੰ ਅਸਥਾਈ ਤੌਰ ’ਤੇ ਕੰਮ ਤੋਂ ਛੁੱਟੀ ਦੇਣ ਨਾਲ ਸਬੰਧਤ ਪ੍ਰਬੰਧ ਲਾਗੂ ਕੀਤੇ ਜਾਣਗੇ, ਤਾਂ ਜੋ ਪ੍ਰਭਾਵਿਤ ਕੰਪਨੀਆਂ ਨੂੰ ਸੰਕਟ ਵਿੱਚੋਂ ਨਿਕਲਣ ਵਿੱਚ ਮਦਦ ਮਿਲ ਸਕੇ।
ਅਤਿ-ਖੱਬੇਪੱਖੀ ਸਮੂਹਾਂ ’ਤੇ ਪ੍ਰਧਾਨ ਮੰਤਰੀ ਦੇ ਦੋਸ਼
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਅਤਿ-ਖੱਬੇਪੱਖੀ ਸਮੂਹ ਹਿੰਸਾ ਦੀਆਂ ਕੁਝ ਗੰਭੀਰ ਘਟਨਾਵਾਂ ਵਿੱਚ ਸ਼ਾਮਲ ਸਨ ਅਤੇ ਕੁਝ ਗਰੁੱਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ। ਖੱਬੇਪੱਖੀ ਆਗੂ ਜੀਨ-ਲਿਊਕ ਮੇਲਾਂਸ਼ੋਂ ਨੇ ਪ੍ਰਧਾਨ ਮੰਤਰੀ ਤੋਂ ਇਨ੍ਹਾਂ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਕੋਲ ਸਬੂਤ ਨਹੀਂ ਹਨ ਤਾਂ ਉਨ੍ਹਾਂ ਨੂੰ ਆਪਣੇ ਬਿਆਨਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੌਰਾਨ ਫਰਾਂਸ ਦੀਆਂ ਟਰੇਡ ਯੂਨੀਅਨਾਂ ਨੇ 5 ਨਵੰਬਰ ਨੂੰ ਇੱਕ ਹੋਰ ਹੜਤਾਲ ਅਤੇ ਰੈਲੀ ਕਰਨ ਦਾ ਸੱਦਾ ਦਿੱਤਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਵੀ ਜਨਜੀਵਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।
ਰਾਸ਼ਟਰਪਤੀ ਮੈਕਰੋਂ ਨੇ ਗ੍ਰਹਿ ਮੰਤਰੀ ਦਾ ਅਸਤੀਫ਼ਾ ਨਹੀਂ ਕੀਤਾ ਮਨਜ਼ੂਰ
ਹਿੰਸਾ ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਰਾਸ਼ਟਰਪਤੀ ਦਫ਼ਤਰ ਮੁਤਾਬਕ, ਮੈਕਰੋਂ ਨੇ ਗ੍ਰਹਿ ਮੰਤਰੀ ਲੋਰਾਂ ਨੂਨੇਜ਼ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ। ਇਸ ਦੀ ਬਜਾਏ ਉਨ੍ਹਾਂ ਨੂੰ ਬੈਰੀਕੇਡ ਹਟਾਉਣ, ਲੁੱਟਮਾਰ ਰੋਕਣ ਅਤੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਤੇ ਪਹਿਲਾਂ ਤੋਂ ਤਿਆਰੀ ਵਿੱਚ ਰਹੀਆਂ ਕਮੀਆਂ ਬਾਰੇ ਪਾਰਦਰਸ਼ਤਾ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਦੇਸ਼ ਭਰ ਵਿੱਚ 60,000 ਪੁਲੀਸ ਅਤੇ ਹੋਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਇਹ ਗਿਣਤੀ ਕਾਫ਼ੀ ਨਹੀਂ ਰਹੀ। ਪੈਰਿਸ, ਮਾਰਸੇਈ ਅਤੇ ਲਿਓਂ ਦੇ ਮੇਅਰਾਂ ਨੇ ਸਾਂਝੇ ਲੇਖ ਵਿੱਚ ਕਿਹਾ ਕਿ ਸ਼ਹਿਰਾਂ ਵਿੱਚ ਪ੍ਰਦਰਸ਼ਨ ਆਮ ਗੱਲ ਹੈ, ਪਰ ਇਸ ਵਾਰ ਹਿੰਸਾ ਦਾ ਪੱਧਰ ਚਿੰਤਾਜਨਕ ਸੀ। ਉਨ੍ਹਾਂ ਮੁਤਾਬਕ, ਸ਼ਨੀਵਾਰ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਸ਼ਹਿਰਾਂ ਦੇ ਕੁਝ ਹਿੱਸੇ ਸੁਰੱਖਿਆ ਤੋਂ ਬਿਨਾਂ ਰਹਿ ਗਏ ਸਨ।
ਮਹਿੰਗਾਈ ਅਤੇ ਜਨਤਕ ਸੇਵਾਵਾਂ ਨੂੰ ਲੈ ਕੇ ਸ਼ੁਰੂ ਹੋਏ ਸਨ ਪ੍ਰਦਰਸ਼ਨ
ਫਰਾਂਸ ਵਿੱਚ ਇਹ ਪ੍ਰਦਰਸ਼ਨ ਮਹਿੰਗਾਈ, ਵਧਦੀ ਜੀਵਨ-ਲਾਗਤ, ਸਕੂਲਾਂ ਦੀ ਮਾੜੀ ਹਾਲਤ ਅਤੇ ਜਨਤਕ ਸੇਵਾਵਾਂ ਨੂੰ ਲੈ ਕੇ ਲੋਕਾਂ ਦੀ ਨਾਰਾਜ਼ਗੀ ਵਿਚਕਾਰ ਸ਼ੁਰੂ ਹੋਏ ਸਨ। ਸ਼ਨੀਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੜਕਾਂ ’ਤੇ ਉਤਰੇ। ਜ਼ਿਆਦਾਤਰ ਪ੍ਰਦਰਸ਼ਨ ਸ਼ਾਂਤੀਪੂਰਨ ਰਹੇ, ਪਰ ਕੁਝ ਥਾਵਾਂ ’ਤੇ ਹਿੰਸਾ, ਭੰਨਤੋੜ ਅਤੇ ਲੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ।
ਸਰਕਾਰ ਨੇ ਆਨਲਾਈਨ ਪਲੇਟਫਾਰਮਾਂ ਨੂੰ ਲੁੱਟੇ ਗਏ ਸਾਮਾਨ ਦੀ ਵਿਕਰੀ ਨਾਲ ਸਬੰਧਤ ਇਸ਼ਤਿਹਾਰ ਹਟਾਉਣ ਅਤੇ ਜਾਂਚ ਏਜੰਸੀਆਂ ਨਾਲ ਸਹਿਯੋਗ ਕਰਨ ਲਈ ਵੀ ਕਿਹਾ ਹੈ। ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਤਣਾਅ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ, ਹਾਲਾਂਕਿ ਵਿਦਿਆਰਥੀਆਂ ਵੱਲੋਂ ਕੁਝ ਥਾਵਾਂ ’ਤੇ ਇਕੱਠੇ ਹੋਣ ਅਤੇ ਰਸਤੇ ਰੋਕਣ ਦੀਆਂ ਯੋਜਨਾਵਾਂ ਜਾਰੀ ਹਨ।