ਗਵਰਨਰ ਗੁਲਾਬ ਚੰਦ ਕਟਾਰੀਆ ਦੀ ਵੱਡੀ ਪਹਿਲਕਦਮੀ: ਪੈਟਰੋਲ-ਡੀਜ਼ਲ ਗੱਡੀਆਂ ਦੀ ਬਜਾਏ ਇਲੈਕਟ੍ਰਿਕ ਬੱਸ ਰਾਹੀਂ ਸਫ਼ਰ ਕਰਕੇ ਊਰਜਾ ਬੱਚਤ ਦਾ ਦਿੱਤਾ ਸੰਦੇਸ਼
ਚੰਡੀਗੜ੍ਹ, 20 ਮਈ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਵਾਤਾਵਰਣ ਦੀ ਸੁਰੱਖਿਆ ਅਤੇ ਊਰਜਾ ਦੀ ਬਚਤ ਵੱਲ ਇੱਕ ਬੇਹੱਦ ਸ਼ਲਾਘਾਯੋਗ ਤੇ ਪ੍ਰੇਰਨਾਦਾਇਕ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਕੀਤੀ ਗਈ ਅਪੀਲ ਦਾ ਸਮਰਥਨ ਕਰਦਿਆਂ, ਰਾਜਪਾਲ ਨੇ ਆਪਣੇ ਸਰਕਾਰੀ ਰੁਝੇਵਿਆਂ ਲਈ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਛੱਡ ਕੇ ਜਨਤਕ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਕੇ ਸਮਾਜ ਦੇ ਸਾਹਮਣੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ।

ਦਰਅਸਲ, ਖਾੜੀ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਅਤੇ ਬਦਲਦੇ ਭੂ-ਰਾਜਨੀਤਿਕ ਹਾਲਾਤ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਅਤੇ ਤੇਲ ਬਚਾਉਣ ਦੀ ਅਪੀਲ ਕੀਤੀ ਸੀ। ਇਸੇ ਸੱਦੇ ਨੂੰ ਅੱਗੇ ਵਧਾਉਂਦੇ ਹੋਏ ਰਾਜਪਾਲ ਸ਼੍ਰੀ ਕਟਾਰੀਆ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਤੋਂ ਹਰ ਬੁੱਧਵਾਰ ਨੂੰ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ਬਿਲਕੁਲ ਨਹੀਂ ਕਰਨਗੇ।

ਇਲੈਕਟ੍ਰਿਕ ਬੱਸ ਅਤੇ ਗੋਲਫ ਕਾਰਟ ਵਿੱਚ ਕੀਤਾ ਸਫ਼ਰ
ਆਪਣੇ ਇਸ ਫੈਸਲੇ ਤਹਿਤ ਅੱਜ ਸਵੇਰੇ ਰਾਜਪਾਲ ਕਟਾਰੀਆ ਆਪਣੇ ਸਟਾਫ਼ ਸਮੇਤ ਬਾਲਟਾਣਾ ਵਿਖੇ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ ਦੇ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਇੱਕ ਇਲੈਕਟ੍ਰਿਕ ਬੱਸ ਰਾਹੀਂ ਪਹੁੰਚੇ। ਇਸ ਤੋਂ ਬਾਅਦ ,ਉਹ ਚੰਡੀਗੜ੍ਹ ਵਿੱਚ ਯੂ.ਟੀ. ਸਕੱਤਰੇਤ ਜਾਣ ਲਈ ਵੀ ਇੱਕ ਇਲੈਕਟ੍ਰਿਕ ਗੋਲਫ ਕਾਰਟ ਵਿੱਚ ਸਵਾਰ ਹੋਏ। ਪੂਰੇ ਸਫ਼ਰ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਗ੍ਰੀਨ ਅਤੇ ਕਲੀਨ ਐਨਰਜੀ ਅਪਣਾਉਣ ਦਾ ਸੁਨੇਹਾ ਦਿੱਤਾ।

ਪੰਜਾਬ ਸਰਕਾਰ ਨੂੰ ਵੀ ਕੀਤੀ ਜਾਵੇਗੀ ਅਪੀਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਵਿੱਚ ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੈ। ਸਾਡੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਹੀ ਭਵਿੱਖ ਵਿੱਚ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਨਤਕ ਆਵਾਜਾਈ, ਇਲੈਕਟ੍ਰਿਕ ਵਾਹਨਾਂ ਅਤੇ ਸਾਈਕਲਾਂ ਦੀ ਵਰਤੋਂ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਸ ਮੁਹਿੰਮ ਦੇ ਚੰਡੀਗੜ੍ਹ ਵਿੱਚ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ, ਤਾਂ ਉਹ ਪੰਜਾਬ ਸਰਕਾਰ ਨੂੰ ਵੀ ਸੂਬੇ ਵਿੱਚ ਇਸੇ ਤਰ੍ਹਾਂ ਦੇ ਵਾਤਾਵਰਣ-ਅਨੁਕੂਲ ਕਦਮ ਚੁੱਕਣ ਲਈ ਕਹਿਣਗੇ। ਪ੍ਰਧਾਨ ਮੰਤਰੀ ਦੀ ਅਪੀਲ ਨੂੰ ਹੁੰਗਾਰਾ ਦੇਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਵਿੱਚ ਕੀਤੇ ਗਏ ਸਮੂਹਿਕ ਯਤਨਾਂ ਸਦਕਾ ਹੀ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕਦਾ ਹੈ।