ਪੀਰ ਨਿਗਾਹੇ ਮੰਦਰ ਜਾ ਰਹੇ ਪਰਿਵਾਰ ਦੀ ਬਾਈਕ ਰੇਹੜੀ ਪਲਟੀ, ਦਾਦੀ-ਪੋਤੇ ਦੀ ਮੌਤ; 6 ਜ਼ਖ਼ਮੀ
Grandmother and grandson die in accident: ਕਪੂਰਥਲਾ/ਊਨਾ (ਬਲਵਿੰਦਰ ਧਾਲੀਵਾਲ): ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਨਿਗਾਹੇ ਮੰਦਰ ਨੇੜੇ ਸ਼ਨੀਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਪਰਿਵਾਰਕ ਮੈਂਬਰਾਂ ਨੂੰ ਲੈ ਕੇ ਜਾ ਰਹੀ ਬਾਈਕ ਰੇਹੜੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਤਿੰਨ ਸਾਲਾ ਬੱਚੇ ਅਤੇ ਉਸ ਦੀ 65 ਸਾਲਾ ਦਾਦੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਛੇ ਹੋਰ ਮੈਂਬਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਅਖਿਲ (3) ਅਤੇ ਉਸ ਦੀ ਦਾਦੀ ਜ਼ਿਲੋ ਕੁਮਾਰੀ (65) ਵਜੋਂ ਹੋਈ ਹੈ। ਪਰਿਵਾਰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਇਲਾਕੇ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ, ਪਰਿਵਾਰ ਸ਼ਨੀਵਾਰ ਸਵੇਰੇ ਪੀਰ ਨਿਗਾਹੇ ਮੰਦਰ ਵਿੱਚ ਮੱਥਾ ਟੇਕਣ ਪਹੁੰਚਿਆ ਸੀ। ਦਰਸ਼ਨ ਕਰਨ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਬਾਈਕ ਰੇਹੜੀ ’ਤੇ ਵਾਪਸ ਪਰਤ ਰਹੇ ਸਨ ਤਾਂ ਮੰਦਰ ਤੋਂ ਕੁਝ ਦੂਰੀ ’ਤੇ ਵਾਹਨ ਬੇਕਾਬੂ ਹੋ ਕੇ ਪਲਟ ਗਿਆ।
ਹਾਦਸੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਸਾਰੇ ਜ਼ਖ਼ਮੀਆਂ ਨੂੰ ਊਨਾ ਦੇ ਖੇਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਖਿਲ ਅਤੇ ਜ਼ਿਲੋ ਕੁਮਾਰੀ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਖ਼ਮੀਆਂ ਵਿੱਚ 32 ਸਾਲਾ ਲਾਡੀ, ਉਸ ਦੀ 30 ਸਾਲਾ ਪਤਨੀ ਹੀਨਾ ਅਤੇ ਉਨ੍ਹਾਂ ਦੇ ਬੱਚੇ ਅਭੈ (10), ਲਕਸ਼ਯ (9), ਆਰਵ (3) ਤੇ ਅਰੁਣ (2) ਸ਼ਾਮਲ ਹਨ। ਹੀਨਾ ਦੇ ਸਿਰ ਵਿੱਚ ਫਰੈਕਚਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਊਨਾ ਦੇ ਐਸਪੀ ਸਚਿਨ ਹੀਰੇਮਠ ਨੇ ਦੱਸਿਆ ਕਿ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
