ਗੁਜਰਾਤ ਵਿੱਚ ਆਮ ਆਦਮੀ ਪਾਰਟੀ (ਆਪ) ਵਿਧਾਇਕ ਚੈਤਰ ਵਸਾਵਾ ਨੂੰ ਨਰਮਦਾ ਜ਼ਿਲ੍ਹੇ ਦੇ ਡੇਡੀਆਪਾੜਾ ’ਚ ਇੱਕ ਤਾਲੁਕਾ ਪੰਚਾਇਤ ਅਹੁਦੇਦਾਰ ’ਤੇ ਕਥਿਤ ਹਮਲੇ ਮਗਰੋਂ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨਿਚਰਵਾਰ ਨੂੰ ਵਸਾਵਾ ਚੋਣ ਖੇਤਰ ਡੇਡੀਆਪਾੜਾ ਅਧੀਨ ਪ੍ਰਾਂਤ ਦਫਤਰ ’ਚ ਮੀਟਿੰਗ ਦੌਰਾਨ ਵਾਪਰੀ।
ਪੁਲਿਸ ਨੇ ਦੱਸਿਆ ਕਿ ਵਸਾਵਾ ਨੂੰ ਸ਼ਨਿਚਰਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਡੇਡੀਆਪਾੜਾ ਥਾਣੇ ’ਚ ਦਰਜ ਸ਼ਿਕਾਇਤ ਮੁਤਾਬਕ ਮੀਟਿੰਗ ਦੌਰਾਨ ਚੈਤਰ ਵਸਾਵਾ ਨੇ ਸਥਾਨਕ ਪੱਧਰ ਦੀ ਤਾਲਮੇਲ ਕਮੇਟੀ ‘ਆਪਣੋ ਤਾਲੁਕੋ ਵਾਈਬ੍ਰੈਂਟ ਤੁਲਕੋ’ (ਈਟੀਵੀਟੀ) ਦੇ ਮੈਂਬਰ ਦੇ ਅਹੁਦੇ ’ਤੇ ਉਨ੍ਹਾਂ ਵੱਲੋਂ ਨਾਮਜ਼ਦ ਵਿਅਕਤੀ ਦਾ ਨਾਮ ਨਾ ਵਿਚਾਰੇ ਜਾਣ ’ਤੇ ਇਤਰਾਜ਼ ਜਤਾਇਆ ਤੇ ਖ਼ਫ਼ਾ ਹੋ ਗਏ। ਵਸਾਵਾ ਨੇ ਕਥਿਤ ਤੌਰ ’ਤੇ ਸਾਗਬਾਰਾ ਤਾਲੁਕਾ ਪੰਚਾਇਤ ਦੀ ਇੱਕ ਮਹਿਲਾ ਪ੍ਰਧਾਨ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਡੇਡੀਆਪਾੜਾ ਤਾਲੁਕਾ ਪੰਚਾਇਤ ਦੇ ਪ੍ਰਧਾਨ ਸੰਜੈ ਵਸਾਵਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਜਦੋਂ ਮੀਟਿੰਗ ’ਚ ਸ਼ਾਮਲ ਪ੍ਰਧਾਨ ਸੰਜੈ ਵਸਾਵਾ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਕਥਿਤ ਤੌਰ ’ਤੇ ਉਸ ’ਤੇ ਮੋਬਾਈਲ ਨਾਲ ਹਮਲਾ ਕੀਤਾ ਜਿਸ ਕਾਰਨ ਉਸ ਦੇ ਸਿਰ ’ਤੇ ਸੱਟਾਂ ਲੱਗੀਆਂ।
ਐੱਫਆਈਆਰ ਮੁਤਾਬਕ ਵਿਧਾਇਕ ਨੇ ਸ਼ਿਕਾਇਤਕਰਤਾ ’ਤੇ ਕੱਚ ਦੇ ਗਿਲਾਸ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਇਸ ਦੌਰਾਨ ਵਿਧਾਇਕ ਟੁੱਟੇ ਗਿਲਾਸ ਦਾ ਕੱਚ ਦਾ ਟੁਕੜਾ ਚੁੱਕ ਕੇ ਸੰਜੈ ਵਸਾਵਾ ਵੱਲ ਵਧੇ ਪਰ ਉਹ ਕਿਸੇ ਤਰ੍ਹਾਂ ਭੱਜਣ ’ਚ ਸਫਲ ਰਿਹਾ। ਦੂਜੇ ਪਾਸੇ ਚੈਤਰ ਵਸਾਵਾ ਦੀ ਗ੍ਰਿਫ਼ਤਾਰੀ ਮਗਰੋਂ ਡੇਡੀਆਪਾੜਾ ’ਚ ਤਣਾਅ ਵਧਣ ’ਤੇ ਸਥਾਨਕ ਪ੍ਰਸ਼ਾਸਨ ਨੇ ਇਲਾਕੇ ’ਚ ਚਾਰ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ।