ਹਰਦੀਪ ਸਿੰਘ ਪੁਰੀ MP ਤੋਂ ਜਾਣਗੇ ਰਾਜ ਸਭਾ, ਭਾਜਪਾ ਨੇ ਐਲਾਨਿਆ ਉਮੀਦਵਾਰ
Hardeep Singh Puri Rajya Sabha Bye Election; ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਹੁਣ ਮੱਧ ਪ੍ਰਦੇਸ਼ ਤੋਂ ਰਾਜ ਸਭਾ ਜਾਣਗੇ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਖਾਲੀ ਹੋਈ ਸੀਟ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਦੀਆਂ ਰਾਜ ਸਭਾ ਸੀਟਾਂ ਲਈ ਐਲਾਨੀ ਗਈ ਉਮੀਦਵਾਰਾਂ ਦੀ ਸੂਚੀ ਵਿੱਚ ਪੁਰੀ ਦਾ ਨਾਂ ਸ਼ਾਮਲ ਨਹੀਂ ਸੀ। ਇਸ ਕਾਰਨ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਬਣੇ ਰਹਿਣ ਨੂੰ ਲੈ ਕੇ ਸਵਾਲ ਉੱਠ ਰਹੇ ਸਨ। ਹੁਣ ਮੱਧ ਪ੍ਰਦੇਸ਼ ਤੋਂ ਉਮੀਦਵਾਰ ਬਣਾਏ ਜਾਣ ਨਾਲ ਉਨ੍ਹਾਂ ਦੀ ਰਾਜ ਸਭਾ ਮੈਂਬਰਸ਼ਿਪ ਦਾ ਰਾਹ ਖੁੱਲ੍ਹ ਗਿਆ ਹੈ।
ਹਰਦੀਪ ਸਿੰਘ ਪੁਰੀ ਦਾ ਮੌਜੂਦਾ ਰਾਜ ਸਭਾ ਕਾਰਜਕਾਲ 25 ਨਵੰਬਰ 2026 ਨੂੰ ਖ਼ਤਮ ਹੋ ਰਿਹਾ ਹੈ। ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਵੀ ਚੋਣ ਲੜ ਚੁੱਕੇ ਹਨ। ਉਸ ਸਮੇਂ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੀ ਅਤੇ ਪੁਰੀ ਦੋਵਾਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ। ਹਾਲਾਂਕਿ, ਉਹ ਇਹ ਚੋਣ ਜਿੱਤ ਨਹੀਂ ਸਕੇ ਸਨ।
ਐੱਲ. ਮੁਰੂਗਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀਟ
ਮੱਧ ਪ੍ਰਦੇਸ਼ ਦੀ ਇਹ ਰਾਜ ਸਭਾ ਸੀਟ ਕੇਂਦਰੀ ਮੰਤਰੀ ਐੱਲ. ਮੁਰੂਗਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ। ਮੁਰੂਗਨ ਨੇ ਕੇਂਦਰੀ ਮੰਤਰੀ ਮੰਡਲ ਅਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਰਾਜ ਸਭਾ ਕਾਰਜਕਾਲ 2 ਅਪ੍ਰੈਲ 2030 ਤੱਕ ਸੀ।
ਮੁਰੂਗਨ ਨੇ ਆਪਣੇ ਅਸਤੀਫ਼ੇ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਉਹ ਤਾਮਿਲਨਾਡੂ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਵਜੋਂ ਸੇਵਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ। ਹੁਣ ਉਹ ਪਾਰਟੀ ਵਰਕਰਾਂ ਨਾਲ ਮਿਲ ਕੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਮਿਲਨਾਡੂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ।
ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਖਾਲੀ ਸੀਟ ਲਈ 22 ਅਕਤੂਬਰ ਨੂੰ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ। ਨਿਰਧਾਰਤ ਪ੍ਰੋਗਰਾਮ ਮੁਤਾਬਕ 12 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਰਾਜ ਸਭਾ ਚੋਣ ਲਈ 116 ਵਿਧਾਇਕਾਂ ਦੇ ਸਮਰਥਨ ਦੀ ਲੋੜ
ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਕੁੱਲ 230 ਸੀਟਾਂ ਹਨ। ਆਮ ਹਾਲਾਤ ਵਿੱਚ ਰਾਜ ਸਭਾ ਦੀ ਇੱਕ ਸੀਟ ਜਿੱਤਣ ਲਈ 116 ਵਿਧਾਇਕਾਂ ਦੇ ਵੋਟਾਂ ਵਾਲਾ ਕੋਟਾ ਬਣਦਾ ਹੈ। ਹਾਲਾਂਕਿ, ਕਾਂਗਰਸੀ ਵਿਧਾਇਕ ਮੁਕੇਸ਼ ਮਲਹੋਤਰਾ ਵੱਲੋਂ ਵੋਟਿੰਗ ਵਿੱਚ ਹਿੱਸਾ ਨਾ ਲੈ ਸਕਣ ਦੀ ਸਥਿਤੀ ਕਾਰਨ ਚੋਣ ਦਾ ਗਣਿਤ ਬਦਲ ਸਕਦਾ ਹੈ। ਇਸ ਲਈ ਅੰਤਿਮ ਕੋਟਾ ਚੋਣ ਸਮੇਂ ਲਾਗੂ ਨਿਯਮਾਂ ਅਤੇ ਵੋਟਿੰਗ ਵਿੱਚ ਹਿੱਸਾ ਲੈਣ ਵਾਲੇ ਵਿਧਾਇਕਾਂ ਦੀ ਗਿਣਤੀ ਮੁਤਾਬਕ ਤੈਅ ਹੋਵੇਗਾ।
ਬੀਨਾ ਤੋਂ ਵਿਧਾਇਕ ਨਿਰਮਲਾ ਸਪਰੇ ਦੀ ਸਥਿਤੀ ਵੀ ਅਹਿਮ ਮੰਨੀ ਜਾ ਰਹੀ ਹੈ। ਉਹ ਆਪਣੇ ਆਪ ਨੂੰ ਕਾਂਗਰਸ ਨਾਲ ਜੁੜਿਆ ਦੱਸਦੀ ਹੈ, ਪਰ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਵੀ ਨਜ਼ਰ ਆਉਂਦੀ ਰਹੀ ਹੈ। ਦਲ-ਬਦਲ ਨਾਲ ਜੁੜੇ ਮਾਮਲੇ ਕਾਰਨ ਉਨ੍ਹਾਂ ਦੀ ਸਥਿਤੀ ਸਪਸ਼ਟ ਹੋਣੀ ਬਾਕੀ ਹੈ। ਉਨ੍ਹਾਂ ਦੇ ਵੋਟ ਬਾਰੇ ਸਥਿਤੀ ਸਾਫ਼ ਹੋਣ ਤੋਂ ਬਾਅਦ ਹੀ ਦੋਵਾਂ ਪਾਰਟੀਆਂ ਦੀ ਅਸਲ ਗਿਣਤੀ ਦਾ ਸਹੀ ਅੰਦਾਜ਼ਾ ਲੱਗ ਸਕੇਗਾ।