ਹਰਸਿਮਰਤ ਕੌਰ ਬਾਦਲ ਦਾ ‘ਆਪ’ ਸਰਕਾਰ ’ਤੇ ਵੱਡਾ ਹਮਲਾ; ਸੱਜਣ ਕੁਮਾਰ ਦੀ ਮੌਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਘੇਰੀ ਸੂਬਾ ਸਰਕਾਰ
Harsimrat Kaur Badal Punjab Corruption Allegations; ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸੂਬੇ ਵਿੱਚ ਵਧਦੇ ਕਰਜ਼ੇ, ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਇਸ ਦੇ ਨਾਲ ਹੀ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਜੇਲ੍ਹ ਵਿੱਚ ਹੋਈ ਮੌਤ ਨੂੰ ਲੈ ਕੇ ਵੀ ਅਕਾਲੀ ਅਤੇ ਵਿਰੋਧੀ ਆਗੂਆਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵਿਕਾਸ ਪੂਰੀ ਤਰ੍ਹਾਂ ਠੱਪ ਹੈ ਅਤੇ ਸੂਬੇ ਨੂੰ ਭਾਰੀ ਕਰਜ਼ੇ ਹੇਠ ਦਬਾ ਦਿੱਤਾ ਗਿਆ ਹੈ। ਉਹਨਾਂ ਗੁਰੂ ਘਰਾਂ ’ਤੇ ਹੁੰਦੇ ਹਮਲਿਆਂ ਅਤੇ ਸੂਬੇ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟਾਈ। ਇਸ ਦੌਰਾਨ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਜੇਲ੍ਹ ਵਿੱਚ ਹੋਈ ਮੌਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦਾ ਨਾਂ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਦਰਜ ਹੈ ਅਤੇ ਉਸਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ।
ਸੱਜਣ ਕੁਮਾਰ ਦਾ ਨਾਂ ਸਿੱਖ ਇਤਿਹਾਸ ‘ਚ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਹੈ… ਇਹਦੀ ਮੌਤ ਤਾਂ ਫਾਂਸੀ ਦੇ ਨਾਲ ਹੋਣੀ ਸੀ, ਕੀਤੇ ਦੀ ਸਜ਼ਾ ਇਹਨੂੰ ਮਿਲਣੀ ਸੀ. ਦੂਜੇ ਪਾਸੇ ਜਿਹੜੇ ਕਹਿੰਦੇ ਸੀ ਅਸੀਂ ਰਿਟਾਇਰਡ ਮਾਸਟਰ ਦੀ ਤਨਖਾਹ ‘ਤੇ ਗੁਜ਼ਾਰਾ ਕਰਦੇ ਹਾਂ, ਅੱਜ ਕਰੋੜਾਂ ਰੁਪਏ ਦੇ ਗੱਫੇ ਅਤੇ ਭ੍ਰਿਸ਼ਟਾਚਾਰ ਸਾਹਮਣੇ ਆ ਰਿਹਾ ਹੈ। ਪੰਜਾਬ ਦਾ ਲੁੱਟਿਆ ਇਕ-ਇਕ ਪੈਸਾ ਹਿਸਾਬ ਲਿਆ ਜਾਵੇਗਾ।
ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਪਰਿਵਾਰ ’ਤੇ ਲੱਗੇ ਰਿਸ਼ਵਤਖੋਰੀ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਸਰਕਾਰ ਦੀ ਅਸਲੀਅਤ ਪੂਰੀ ਤਰ੍ਹਾਂ ਨੰਗੀ ਹੋਵੇਗੀ। ਦੂਜੇ ਪਾਸੇ ਸੱਜਣ ਕੁਮਾਰ ਦੀ ਮੌਤ ’ਤੇ ਆਗੂਆਂ ਨੇ ਕਾਂਗਰਸ ਅਤੇ ਇੰਡੀਆ (INDI) ਗਠਜੋੜ ਨੂੰ ਵੀ ਚਿਤਾਵਨੀ ਦਿੱਤੀ ਕਿ ਅਜਿਹੇ ਗੁਨਾਹਗਾਰਾਂ ਦੇ ਹੱਕ ਵਿੱਚ ਕੋਈ ਹਮਦਰਦੀ ਨਾ ਦਿਖਾਈ ਜਾਵੇ।
ਹਰਸਿਮਰਤ ਕੌਰ ਬਾਦਲ
ਸੱਜਣ ਕੁਮਾਰ ਨੇ ਜੋ ਘਾਣ ਕੀਤਾ ਸੀ, ਉਸ ਦੀ ਸਜ਼ਾ ਉਹ ਭੁਗਤ ਰਿਹਾ ਸੀ। ਅੱਜ ਕਾਂਗਰਸ ਅਤੇ ਇੰਡੀਆ ਅਲਾਇੰਸ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਜੇਕਰ ਅਜਿਹੇ ਬੰਦੇ ਨੂੰ ਜਾ ਕੇ ਕੋਈ ਸ਼ਰਧਾਂਜਲੀ ਜਾਂ ਫੁੱਲ ਭੇਟ ਕਰੇਗਾ, ਤਾਂ ਸਾਫ਼ ਹੋ ਜਾਵੇਗਾ ਕਿ ਉਹ ਇਨਸਾਨੀਅਤ ਦੇ ਮੁੱਦੇ ‘ਤੇ ਕਿੱਥੇ ਖੜ੍ਹੇ ਹਨ।
