Haryana BJP ; ਹਰਿਆਣਾ ‘ਚ ਭਾਜਪਾ ਦਾ ਸੂਬਾ ਹੈੱਡਕੁਆਰਟਰ ਹੁਣ ਰੋਹਤਕ ਦੀ ਬਜਾਏ ਪੰਚਕੂਲਾ ਹੋਵੇਗਾ। ਸੂਬਾ ਹੈੱਡਕੁਆਰਟਰ ਨੂੰ ਰੋਹਤਕ ਸਥਿਤ ਪਾਰਟੀ ਦੇ ‘ਮੰਗਲ ਕਮਲ’ ਦਫ਼ਤਰ ਤੋਂ ਪੰਚਕੂਲਾ ਸਥਿਤ ਪਾਰਟੀ ਦਫ਼ਤਰ – ‘ਪੰਚਕਮਲ‘ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਤਵਾਰ ਨੂੰ ਭਾਜਪਾ ਦਾ ਸਥਾਪਨਾ ਦਿਵਸ ਹੈ ਅਤੇ ਇਸ ਮੌਕੇ ਸੂਬਾ ਦਫ਼ਤਰ ਨੂੰ ਰਸਮੀ ਤੌਰ ‘ਤੇ ਪੰਚਕੂਲਾ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ।
ਹਰਿਆਣਾ ਵਿਚ ਭਾਜਪਾ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿਚ ਸ਼ਾਮਲ ਸਾਬਕਾ ਉਪ ਮੁੱਖ ਮੰਤਰੀ ਡਾ. ਮੰਗਲਸੇਨ ਦੀ ਮੌਤ ਤੋਂ ਬਾਅਦ, ਸੂਬਾ ਹੈੱਡਕੁਆਰਟਰ ਨੂੰ ਰੋਹਤਕ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਡਾ: ਮੰਗਲਸੇਨ ਦੀ 1990 ਵਿੱਚ ਮੌਤ ਹੋ ਗਈ।ਪਹਿਲਾਂ ਸੂਬਾ ਹੈੱਡਕੁਆਰਟਰ ਚੰਡੀਗੜ੍ਹ ਵਿੱਚ ਸੀ।
ਸੂਬਾ ਦਫ਼ਤਰ ਦੀ ਸ਼ੁਰੂਆਤ ਹਵਨ-ਪੂਜਾ ਨਾਲ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਸਮੇਤ ਕਈ ਸੀਨੀਅਰ ਆਗੂ, ਮੰਤਰੀ ਅਤੇ ਵਿਧਾਇਕ ਮੌਜੂਦ ਰਹਿਣਗੇ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਪੂਨੀਆ ਨੇ ਕਿਹਾ ਕਿ ਪਾਰਟੀ 6 ਅਪ੍ਰੈਲ ਨੂੰ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਇਸੇ ਦਿਨ ਭਾਜਪਾ ਦੇ ਸੂਬਾ ਦਫ਼ਤਰ ਨੂੰ ਵੀ ਮੰਗਲ ਕਮਲ ਰੋਹਤਕ ਤੋਂ ਪੰਚਕਮਲ ਪੰਚਕੂਲਾ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ 6 ਅਪ੍ਰੈਲ ਤੋਂ ਪਾਰਟੀ ਦੀਆਂ ਸੂਬਾ ਪੱਧਰੀ ਪ੍ਰਬੰਧਕੀ ਗਤੀਵਿਧੀਆਂ ਪੰਚਕਮਲ ਦਫ਼ਤਰ ਤੋਂ ਹੀ ਕੀਤੀਆਂ ਜਾਣਗੀਆਂ। ਪਾਰਟੀ ਹਰਿਆਣਾ ਵਿੱਚ ਭਾਜਪਾ ਦਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਏਗੀ। ਪਾਰਟੀ ਨੇ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ 20 ਹਜ਼ਾਰ 629 ਬੂਥ ਹਨ ਅਤੇ ਹਰ ਬੂਥ ‘ਤੇ ਪ੍ਰੋਗਰਾਮ ਕਰਵਾਏ ਜਾਣਗੇ। ਬੂਥ ਪੱਧਰ ਤੱਕ ਵਰਕਰਾਂ ਦੇ ਘਰਾਂ ‘ਤੇ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਸਾਰੇ ਬੂਥਾਂ ‘ਤੇ ਸਰਗਰਮ ਮੈਂਬਰਾਂ ਦੀਆਂ ਕਾਨਫਰੰਸਾਂ ਵੀ ਕੀਤੀਆਂ ਜਾਣਗੀਆਂ।