ਲਾਡੋਵਾਲੀ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ – XUV ਕਾਰ ਹੇਠਾਂ ਆਇਆ ਸਫਾਈ ਕਰਮਚਾਰੀ, ਹਾਲਤ ਨਾਜੁਕ

Jalandhar Accident News: ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਅੱਜ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਫਾਈ ਕਰਮਚਾਰੀ ਸੀਵਰੇਜ ਦੀ ਸਫਾਈ ਕਰ ਰਹੇ ਸਨ, ਉਥੇ ਹੀ ਇੱਕ ਤੇਜ਼ ਰਫ਼ਤਾਰ XUV 700 ਕਾਰ ਨੇ ਬਿਨਾਂ ਦੇਖੇ ਕਰਮਚਾਰੀ ‘ਤੇ ਗੱਡੀ ਚਲਾ ਦਿੱਤੀ। ਦੋਵੇਂ ਪਿਛਲੇ ਅਤੇ ਅੱਗਲੇ ਟਾਇਰ ਕਰਮਚਾਰੀ ਦੇ ਸਰੀਰ ‘ਤੇ ਚੜ੍ਹ ਗਏ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।
ਇਹ ਘਟਨਾ ਨੇੜੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਹੋਰ ਕਰਮਚਾਰੀਆਂ ਨੇ ਤੁਰੰਤ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਸਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।
ਕਾਰ ਡਰਾਈਵਰ ਗ੍ਰਿਫ਼ਤਾਰ – ਕਰਮਚਾਰੀਆਂ ਦਾ ਰੋਸ
ਸਾਥੀ ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਦੂਜੀ ਪਾਸੇ, ਸਫਾਈ ਕਰਮਚਾਰੀਆਂ ‘ਚ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਿਨੀਤ ਧੀਰ ‘ਤੇ ਆਰੋਪ ਲਾਏ ਹਨ ਕਿ ਘਟਨਾ ਤੋਂ ਬਾਅਦ ਵੀ ਕਿਸੇ ਨੇ ਪੀੜਤ ਦਾ ਹਾਲ ਨਹੀਂ ਪੁੱਛਿਆ।
ਅਣਦੇਖੀ ਦੇ ਖਿਲਾਫ ਚੇਤਾਵਨੀ
ਕਰਮਚਾਰੀਆਂ ਨੇ ਕਿਹਾ ਕਿ ਜੇਕਰ ਪੀੜਤ ਨਾਲ ਕੁਝ ਵੀ ਹੋ ਜਾਂਦਾ ਹੈ ਤਾਂ ਉਹ ਨਗਰ ਨਿਗਮ ਦਫ਼ਤਰ ਦਾ ਕੰਮਕਾਜ ਬੰਦ ਕਰ ਦੇਣਗੇ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਜ਼ਖ਼ਮੀ ਕਰਮਚਾਰੀ ਦਾ ਸਾਰਾ ਖਰਚਾ ਪ੍ਰਸ਼ਾਸਨ ਵੱਲੋਂ ਚੁੱਕਿਆ ਜਾਵੇ।
ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਉਹ ਮਾਤਰ 8 ਤੋਂ 10 ਹਜ਼ਾਰ ਰੁਪਏ ਵਿੱਚ ਕੱਚੇ ਤੌਰ ‘ਤੇ ਕੰਮ ਕਰ ਰਹੇ ਹਨ ਤੇ ਉਹਨਾਂ ਦੀ ਜ਼ਿੰਦਗੀ ਨੂੰ ਕੋਈ ਵੀ ਸੁਰੱਖਿਆ ਉਪਲਬਧ ਨਹੀਂ।