ਪੰਜਾਬ ‘ਚ ਸੂਰਜ ਉਗਲ ਰਿਹਾ ਅੱਗ, ਹੀਟਵੇਵ ਦਾ ਰੈੱਡ ਅਲਰਟ ਜਾਰੀ, ਸਿਖਰਾਂ ‘ਤੇ ਪਹੁੰਚੀ ਬਿਜਲੀ ਦੀ ਮੰਗ
Punjab Weather Update: ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਗਰਮੀ ਬਹੁਤ ਜ਼ਿਆਦਾ ਰਹੇਗੀ। 18, 19 ਅਤੇ 20 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
Heatwave Red Alert issued in Alert: ਪੰਜਾਬ ਵਿੱਚ ਭਾਰੀ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਵੀ ਹੀਟਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ, ਰਾਤ ਨੂੰ ਵੀ ਗਰਮੀ ਜ਼ਿਆਦਾ ਰਹੇਗੀ। ਮੌਸਮ ਵਿਭਾਗ ਨੇ ਪਹਿਲੀ ਵਾਰ ਰੈੱਡ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ, ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਘੱਟਿਆ ਹੈ।
ਹਾਲਾਂਕਿ, ਇਹ ਤਾਪਮਾਨ ਸੂਬੇ ਵਿੱਚ ਆਮ ਤਾਪਮਾਨ ਨਾਲੋਂ 5.4 ਡਿਗਰੀ ਵੱਧ ਹੈ। ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ 45.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, 14 ਜੂਨ ਤੱਕ ਲੋਕਾਂ ਨੂੰ ਇਸ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਨਾ ਪਵੇਗਾ। ਚੰਡੀਗੜ੍ਹ ਵਿੱਚ 41.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਬਿਜਲੀ ਦੀ ਮੰਗ 16836 ਮੈਗਾਵਾਟ ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਗਰਮੀ ਬਹੁਤ ਜ਼ਿਆਦਾ ਰਹੇਗੀ। 18, 19 ਅਤੇ 20 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਅੱਜ ਪੰਜ ਜ਼ਿਲ੍ਹਿਆਂ ‘ਚ ਹਾਲਾਤ ਖ਼ਰਾਬ
ਮੌਸਮ ਵਿਭਾਗ ਮੁਤਾਬਕ ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਇੱਥੇ ਕਈ ਥਾਵਾਂ ‘ਤੇ ਤੇਜ਼ ਹੀਟਵੇਵ ਦੀ ਸੰਭਾਵਨਾ ਹੈ ਅਤੇ ਕੁਝ ਥਾਵਾਂ ‘ਤੇ ਗਰਮ ਰਾਤਾਂ ਹੋਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਸੰਗਰੂਰ, ਰੂਪਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
14 ਜੂਨ ਤੋਂ ਹਲਕੀ ਬਾਰਿਸ਼ ਦੀ ਸੰਭਾਵਨਾ
ਅਗਲੇ ਦੋ ਦਿਨਾਂ ਤੱਕ ਸੂਬੇ ਦਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਅਤੇ ਇਸ ਤੋਂ ਬਾਅਦ ਦੂਰ-ਦੁਰਾਡੇ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। 12 ਅਤੇ 13 ਜੂਨ ਨੂੰ ਕੁਝ ਥਾਵਾਂ ‘ਤੇ ਅਤੇ 14 ਜੂਨ ਨੂੰ ਰਾਜ ਦੇ ਕੁਝ ਥਾਵਾਂ ‘ਤੇ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ, 14 ਤੋਂ 17 ਜੂਨ ਤੱਕ ਕੁਝ ਥਾਵਾਂ ‘ਤੇ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ) ਦੀ ਸੰਭਾਵਨਾ ਹੈ। ਰਾਤ ਨੂੰ ਮੌਸਮ ਗਰਮ ਰਹੇਗਾ।