ਅੰਮ੍ਰਿਤਸਰ ਵਿੱਚ ਹੈਲਮਟ ਜਾਗਰੂਕਤਾ ਮੁਹਿੰਮ, ਵੰਡੇ 90 ਸੁਰੱਖਿਅਤ ਹੈਲਮਟ
Punjab News; ਅੰਮ੍ਰਿਤਸਰ ਦੇ ਨਾਵਲਟੀ ਚੌਂਕ ਵਿੱਚ ਅੱਜ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਸਥਾਨਕ ਐਨਜੀਓਜ਼ ਵੱਲੋਂ ਇੱਕ ਵੱਡੀ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਮੀਡੀਆ ਦੀ ਭੂਮਿਕਾ ਨੂੰ ਖ਼ਾਸ ਤੌਰ ‘ਤੇ ਸ਼ਲਾਘਾਕੀਤੀ ਗਈ, ਕਿਉਂਕਿ ਉਹ ਲੋਕਾਂ ਤੱਕ ਸੁਰੱਖਿਆ ਸੰਦੇਸ਼ ਪਹੁੰਚਾਉਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬਾਜ਼ਾਰ ਵਿੱਚ ਮਿਲ ਰਹੇ ਅਧੂਰੇ ਅਤੇ ਨਕਲੀ ਹੈਲਮਟ ਕਿਸੇ ਵੀ ਹਾਦਸੇ ਵੇਲੇ ਸਿਰਫ਼ ਟੁੱਟਦੇ ਨਹੀਂ ਸਗੋਂ ਆਪਣੇ ਧਾਰਦਾਰ ਕਿਨਾਰਿਆਂ ਨਾਲ ਸਿਰ ਵਿਚ ਵੱਜ ਕੇ ਜਾਨ ਵੀ ਲੈ ਸਕਦੇ ਹਨ। ਇਸ ਲਈ ਲੋਕਾਂ ਨੂੰ ਆਈ.ਐਸ.ਆਈ. ਮਾਰਕ ਵਾਲੇ ਸੁਰੱਖਿਅਤ ਹੈਲਮਟ ਪਹਿਨਣ ਲਈ ਪ੍ਰੇਰਿਤ ਕੀਤਾ ਗਿਆ। ਟੀਮ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਲਗਭਗ 90 ਆਈ.ਐਸ.ਆਈ. ਮਾਰਕ ਹੈਲਮਟ ਵੰਡੇ, ਨਾਲੇ ਦੋ-ਪਹੀਆ ਸਵਾਰਾਂ ਨੂੰ ਸੁਰੱਖਿਆ ਬਾਰੇ ਵਿਸਥਾਰ ਨਾਲ ਸਮਝਾਇਆ।
ਜਿਹੜੇ ਸਿਰ ਤੇ ਹੈਲਮਟ ਅਤੇ ਗੱਡੀਆਂ ਵਿੱਚ ਸੀਟ ਬੈਲਟ ਦਾ ਪੂਰਾ ਇੰਤਜ਼ਾਮ ਕਰਕੇ ਚੱਲ ਰਹੇ ਸਨ, ਉਹਨਾਂ ਨੂੰ ਗੁਲਾਬ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਹੋਰਾਂ ਲਈ ਵੀ ਇਹ ਇੱਕ ਚੰਗਾ ਸੁਨੇਹਾ ਜਾਵੇ। ਪੁਲਸ ਅਧਿਕਾਰੀ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਜ਼ਿਆਦਾਤਰ ਮੌਤਾਂ ਸਿਰ ‘ਤੇ ਲੱਗਣ ਵਾਲੀ ਸੱਟ ਕਾਰਨ ਹੁੰਦੀਆਂ ਹਨ, ਇਸ ਲਈ ਹੈਲਮਟ ਪਹਿਨਣਾ ਹਰੇਕ ਦੇ ਲਈ ਜ਼ਰੂਰੀ ਹੈ। ਟ੍ਰੈਫਿਕ ਵਿਭਾਗ ਨੇ ਕਿਹਾ ਕਿ ਕਮਿਸ਼ਨਰ ਅਤੇ ਡੀਜੀਪੀ ਦੇ ਨਿਰਦੇਸ਼ਾਂ ‘ਤੇ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ।