ਹਾਈਕੋਰਟ ਨੇ 6 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੇ ਦੋਸ਼ੀ ਦੀ ਫਾਂਸੀ ਦੀ ਸਜ਼ਾ ਬਦਲੀ
- ਪੰਜਾਬ-ਹਰਿਆਣਾ ਹਾਈਕੋਰਟ ਨੇ ਮੌਤ ਦੀ ਸਜ਼ਾ ਨੂੰ ਬਿਨਾਂ ਛੋਟ 30 ਸਾਲ ਦੀ ਸਖ਼ਤ ਕੈਦ ਵਿੱਚ ਬਦਲਿਆ
ਚੰਡੀਗੜ੍ਹ: ਯਮੁਨਾਨਗਰ ਵਿੱਚ 6 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਦੋਸ਼ੀ ਰਾਜੇਸ਼ ਕੁਮਾਰ ਉਰਫ਼ ਨਿਰਮਲ ਦੀ ਫਾਂਸੀ ਦੀ ਸਜ਼ਾ ਪੰਜਾਬ-ਹਰਿਆਣਾ ਹਾਈਕੋਰਟ ਨੇ ਬਦਲ ਦਿੱਤੀ ਹੈ। ਹਾਈਕੋਰਟ ਨੇ ਮੌਤ ਦੀ ਸਜ਼ਾ ਨੂੰ ਬਿਨਾਂ ਕਿਸੇ ਛੋਟ (Without Remission) ਦੇ 30 ਸਾਲ ਦੀ ਸਖ਼ਤ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਹਾਲਾਂਕਿ, ਅਦਾਲਤ ਨੇ ਦੋਸ਼ੀ ਦੀ ਸਜ਼ਾ ਬਰਕਰਾਰ ਰੱਖੀ ਹੈ ਅਤੇ ਉਸ ਨੂੰ ਬਰੀ ਨਹੀਂ ਕੀਤਾ।
ਅਦਾਲਤ ਨੇ ਮੰਨਿਆ ਕਿ ਇਹ ਅਪਰਾਧ ਬੇਹੱਦ ਘਿਨਾਉਣਾ ਹੈ, ਪਰ ਇਹ ‘ਦੁਰਲੱਭ ਤੋਂ ਦੁਰਲੱਭ’ (Rarest of Rare) ਮਾਮਲਿਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਜਿਸ ਵਿੱਚ ਮੌਤ ਦੀ ਸਜ਼ਾ ਦੇਣਾ ਲਾਜ਼ਮੀ ਹੋਵੇ।
ਜਗਾਧਰੀ ਦੀ ਫਾਸਟ ਟਰੈਕ ਪੋਕਸੋ (POCSO) ਅਦਾਲਤ ਨੇ 15 ਮਈ 2025 ਨੂੰ ਰਾਜੇਸ਼ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਹ ਘਟਨਾ 20 ਸਤੰਬਰ 2024 ਨੂੰ ਛਛਰੌਲੀ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਵਾਪਰੀ ਸੀ। ਛੇ ਸਾਲਾ ਬੱਚੀ ਨਾਲ ਜਿਨਸੀ ਅਪਰਾਧ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਬੱਚੀ ਦੀ ਲਾਸ਼ ਪਿੰਡ ਦੇ ਗੰਨੇ ਦੇ ਖੇਤ ਵਿੱਚੋਂ ਬਰਾਮਦ ਹੋਈ ਸੀ।
ਗਵਾਹਾਂ ਦੇ ਬਿਆਨਾਂ ਅਤੇ ਡੀਐਨਏ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉੱਧਰ, ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਰਕਮ 15 ਲੱਖ ਤੋਂ ਵਧਾ ਕੇ 17 ਲੱਖ ਰੁਪਏ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਪਰਿਵਾਰ ਨੂੰ ਪਹਿਲਾਂ ਤੈਅ ਕੀਤੇ ਗਏ 15 ਲੱਖ ਰੁਪਏ ਹੀ ਮੁਆਵਜ਼ੇ ਵਜੋਂ ਮਿਲਣਗੇ।