Banner
Banner

ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਹੋਇਆ ਦੇਹਾਂਤ

ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਪ੍ਰਸਿੱਧ ਇਤਿਹਾਸਕਾਰ ਅਤੇ ਉੱਘੇ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਸ਼ਨੀਵਾਰ ਸਵੇਰੇ ਪੰਚਕੂਲਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 96 ਵਰ੍ਹਿਆਂ ਦੇ ਪ੍ਰੋ. ਵੜੈਚ ਨੇ ਆਪਣੀ ਵਸੀਅਤ ਮੁਤਾਬਕ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕਰ ਦਿੱਤਾ, ਜੋ ਉਨ੍ਹਾਂ ਦੇ ਸਮਾਜ ਪ੍ਰਤੀ ਸਮਰਪਣ ਦੀ ਵੱਡੀ […]
Amritpal Singh
By : Updated On: 10 May 2026 09:48:AM
ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਹੋਇਆ ਦੇਹਾਂਤ

ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਪ੍ਰਸਿੱਧ ਇਤਿਹਾਸਕਾਰ ਅਤੇ ਉੱਘੇ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਸ਼ਨੀਵਾਰ ਸਵੇਰੇ ਪੰਚਕੂਲਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 96 ਵਰ੍ਹਿਆਂ ਦੇ ਪ੍ਰੋ. ਵੜੈਚ ਨੇ ਆਪਣੀ ਵਸੀਅਤ ਮੁਤਾਬਕ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕਰ ਦਿੱਤਾ, ਜੋ ਉਨ੍ਹਾਂ ਦੇ ਸਮਾਜ ਪ੍ਰਤੀ ਸਮਰਪਣ ਦੀ ਵੱਡੀ ਮਿਸਾਲ ਹੈ।

ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਲੰਮਾ ਸਮਾਂ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੋ. ਵੜੈਚ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਕ੍ਰਾਂਤੀਕਾਰੀ ਅੰਦੋਲਨਾਂ, ਖਾਸ ਕਰਕੇ ਗ਼ਦਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰਾਂ ਦੇ ਇਤਿਹਾਸ ਨੂੰ ਤੱਥਾਂ ਅਤੇ ਦਸਤਾਵੇਜ਼ਾਂ ਦੇ ਅਧਾਰ ’ਤੇ ਲਿਖਣ ਲਈ ਅਰਪਿਤ ਕਰ ਦਿੱਤੀ।

ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ 62 ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ। ਉਨ੍ਹਾਂ ਦੀ ਖੋਜ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉਨ੍ਹਾਂ ਨੇ ਅਦਾਲਤੀ ਲੜਾਈਆਂ ਲੜ ਕੇ ਕਈ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਵਾਪਸ ਦਿਵਾਈਆਂ ਅਤੇ ਅਸਲ ਹੱਕ ਦਿਵਾਏ।

ਜਲੰਧਰ ਵਿੱਚ ਸਥਿਤ ‘ਪ੍ਰੋਫ਼ੈਸਰ ਮਲਵਿੰਦਰਜੀਤ ਸਿੰਘ ਵੜੈਚ ਕ੍ਰਾਂਤੀਕਾਰੀ ਖੋਜ ਕੇਂਦਰ’ ਅੱਜ ਵੀ ਉਨ੍ਹਾਂ ਦੁਆਰਾ ਇਕੱਠੇ ਕੀਤੇ ਹਜ਼ਾਰਾਂ ਦੁਰਲੱਭ ਦਸਤਾਵੇਜ਼ਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਨਿੱਜੀ ਵਸਤਾਂ ਨੂੰ ਸੰਭਾਲੀ ਬੈਠਾ ਹੈ। ਉਨ੍ਹਾਂ ਦੇ ਜਾਣ ਨਾਲ ਪੰਜਾਬ ਦੇ ਸਾਹਿਤਕ ਅਤੇ ਇਤਿਹਾਸਕ ਹਲਕਿਆਂ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Read Latest News and Breaking News at Daily Post TV, Browse for more News

Ad
Ad