ਨਾਭਾ ‘ਚ ਐਕਟਿਵਾ ਸਵਾਰ ਮਾਂ-ਪੁੱਤ ਨਾਲ ਖੌਫਨਾਕ ਹਾਦਸਾ, ਟਰੱਕ ਨੇ 9 ਸਾਲਾ ਮਾਸੂਮ ਦਰੜਿਆ

Punjab News: ਨਾਭਾ ਵਿਖੇ ਅੱਜ ਦੁਪਹਿਰ 12 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਟਰਾਲੇ ਹੇਠ ਆਉਣ ਕਾਰਨ ਇੱਕ 9 ਸਾਲ ਦੇ ਬੱਚੇ ਦੀ ਮੌਤ (Truck Accident) ਹੋ ਗਈ। ਨਾਭਾ (Nabha News) ਦੀ ਜਸਪਾਲ ਕਲੋਨੀ ਵਿੱਚ ਰਹਿਣ ਵਾਲਾ ਨਿਹਾਲ, ਤੀਸਰੀ ਜਮਾਤ ਦਾ ਵਿਦਿਆਰਥੀ ਸੀ। ਬੱਚਾ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਤੋਂ ਆਪਣੇ ਘਰ ਵਰਤ ਰਿਹਾ ਸੀ ਕਿ ਅਚਾਨਕ ਸਪੇਅਰ ਪਾਰਟ ਲੱਦੇ ਹੋਏ ਇੱਕ ਟਰਾਲੇ ਵੱਲੋਂ ਕੱਟ ਮਾਰਨ ਕਰਕੇ ਐਕਟੀਵਾ ਨਾਲ ਟਕਰਾਈ ਗਈ।
ਨਤੀਜੇ ਵੱਜੋਂ ਜਿੱਥੇ ਮਾਂ ਕੱਚੇ ਥਾਂ ਵਿੱਚ ਜਾ ਡਿੱਗੀ ਤੇ ਮਾਸੂਮ ਬੱਚਾ ਨਿਹਾਲ ਟਰਾਲੇ ਦੇ ਥੱਲੇ ਜਾ ਡਿੱਗਿਆ, ਜਦੋਂ ਤੱਕ ਟਰਾਲਾ ਰੁਕਿਆ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ । ਆਲੇ-ਦੁਆਲੇ ਲੋਕਾਂ ਨੇ ਫਿਰ ਵੀ ਕਾਫੀ ਕੋਸ਼ਿਸ਼ ਕਰਕੇ ਬੱਚੇ ਨੂੰ ਟਰਾਲੇ ਹੇਠੋਂ ਕੱਢਿਆ ਅਤੇ ਸਿਵਲ ਹਸਪਤਾਲ ਨਾਭਾ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਆਪਣੇ ਬੱਚੇ ਦੀ ਮੌਤ ਨਾਲ ਮਾਂ ਸਦਮੇ ਵਿੱਚ ਸੀ ਅਤੇ ਹਸਪਤਾਲ ਵਿੱਚ ਰੋ-ਰੋ ਕੇ ਇੰਨਾ ਬੁਰਾ ਹਾਲ ਸੀ। ਬੱਚੇ ਦੀ ਮਾਂ ਨੂੰ ਤਸੱਲੀ ਦੇਣ ਲਈ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰ ਨਿਹਾਲ ਨੂੰ ਪ੍ਰਾਈਵੇਟ ਐਬੂਲੈਂਸ ਕਰਕੇ ਪਟਿਆਲਾ ਲੈ ਗਏ, ਜਦਕਿ ਸਿਵਿਲ ਹਸਪਤਾਲ ਨਾਭਾ ਵਿਖੇ ਤੈਨਾਤ ਡਾਕਟਰ ਮੁਤਾਬਕ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।
ਪ੍ਰਤੱਖ ਦਰਸ਼ੀਆਂ ਨੇ ਕੀ ਕਿਹਾ ?
ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਕਤ ਟਰਾਲਾ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ, ਜਿਸ ਨੇ ਪਹਿਲਾਂ ਵੀ ਇੱਕ ਦੋ ਵਾਹਨਾਂ ਨੂੰ ਟੱਕਰ ਮਾਰ ਕੇ ਆਇਆ ਸੀ ਤੇ ਹੋਟਲ ਸਰਪ੍ਰੀਆ ਨਜ਼ਦੀਕ ਟਰਾਲੇ ਵਾਲੇ ਵੱਲੋਂ ਅਚਾਨਕ ਕੱਟ ਮਾਰਿਆ ਗਿਆ, ਜਿਸ ਕਰਕੇ ਆਪਣੇ ਬੱਚੇ ਨਾਲ ਜਾ ਰਹੀ ਮਾਂ ਦਾ ਐਕਟਿਵਾ ਟਰਾਲੇ ਨਾਲ ਜਾ ਟਕਰਾਇਆ। ਉਹਨਾਂ ਦੱਸਿਆ ਭਾਵੇਂ ਕਿ ਬੱਚੇ ਵਿੱਚ ਕੁਝ ਵੀ ਨਹੀਂ ਹੈ ਪਰ ਫਿਰ ਵੀ ਮਾਂ ਦੀ ਤਸੱਲੀ ਲਈ ਉਸ ਨੂੰ ਪਟਿਆਲਾ ਲੈ ਕੇ ਗਏ।
ਉਧਰ, ਘਟਨਾ ਦੀ ਸੂਚਨਾ ਮਿਲਣ ‘ਤੇ ਨਾਭਾ ਪੁਲਿਸ (Nabha Police) ਵੀ ਮੌਕੇ ‘ਤੇ ਪਹੁੰਚ ਗਈ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਹਾਦਸੇ ਪਿੱਛੋਂ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।