ਰੇਲ ਯਾਤਰੀਆਂ ਲਈ ਅਹਿਮ ਖ਼ਬਰ: ਰਾਤ 11 ਤੋਂ ਸਵੇਰੇ 5 ਵਜੇ ਤੱਕ ਬੰਦ ਰਹਿਣਗੇ ਮੋਬਾਈਲ ਚਾਰਜਿੰਗ ਪੁਆਇੰਟ
ਨਵੀਂ ਦਿੱਲੀ: ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਬੋਰਡ ਨੇ ਟਰੇਨਾਂ ਦੇ ਕੋਚਾਂ ਵਿੱਚ ਮੋਬਾਈਲ ਚਾਰਜਿੰਗ ਪੁਆਇੰਟਾਂ ਦੀ ਵਰਤੋਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਕੋਚਾਂ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਬੰਦ ਰੱਖਣੇ ਲਾਜ਼ਮੀ ਹੋਣਗੇ। ਰੇਲਵੇ ਬੋਰਡ ਨੇ ਇਸ ਸਬੰਧੀ ਸਾਰੇ ਖੇਤਰੀ ਪ੍ਰਮੁੱਖ ਮੁੱਖ ਮਕੈਨੀਕਲ ਇੰਜੀਨੀਅਰਾਂ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਟਰੇਨ ਵਿੱਚ ਚਾਰਜਿੰਗ ਦੌਰਾਨ ਫਟਿਆ ਸੀ ਪਾਵਰ ਬੈਂਕ
ਇਹ ਕਦਮ ਮੁੰਬਈ-ਹਾਵੜਾ ਮੇਲ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਚੁੱਕਿਆ ਗਿਆ ਹੈ। ਬੀਤੇ ਸ਼ਨੀਵਾਰ ਬੰਡਾਮੁੰਡਾ ਇਲੈਕਟ੍ਰਿਕ ਸ਼ੈੱਡ ਨੇੜੇ ਟਰੇਨ ਵਿੱਚ ਇੱਕ ਯਾਤਰੀ ਦਾ ਪਾਵਰ ਬੈਂਕ ਚਾਰਜਿੰਗ ਦੌਰਾਨ ਅਚਾਨਕ ਫਟ ਗਿਆ ਅਤੇ ਉਸ ਵਿੱਚੋਂ ਧੂੰਆਂ ਨਿਕਲਣ ਲੱਗਾ। ਇਸ ਘਟਨਾ ਨੇ ਟਰੇਨਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਚਾਰਜ ਕਰਨ ਸਮੇਂ ਸੁਰੱਖਿਆ ਖ਼ਤਰਿਆਂ ਬਾਰੇ ਚਿੰਤਾ ਵਧਾ ਦਿੱਤੀ। ਜਾਂਚ ਵਿੱਚ ਸਪੱਸ਼ਟ ਹੋਇਆ ਕਿ ਅਲਾਰਮ ਚੇਨ ਪੁਲਿੰਗ ਕਾਰਨ ਨਹੀਂ, ਸਗੋਂ ਧੂੰਏਂ ਦੇ ਸੰਪਰਕ ਵਿੱਚ ਆਉਣ ਕਾਰਨ ਵੱਜਿਆ ਸੀ। ਹਾਲਾਤ ਆਮ ਹੋਣ ਤੋਂ ਬਾਅਦ ਟਰੇਨ ਨੂੰ ਮੁੜ ਰਵਾਨਾ ਕਰ ਦਿੱਤਾ ਗਿਆ।
ਮੁਲਾਜ਼ਮਾਂ ਨੂੰ ਸਿਖਲਾਈ ਦੇਣ ਦੇ ਵੀ ਨਿਰਦੇਸ਼
ਰੇਲਵੇ ਬੋਰਡ ਨੇ ਸਾਰੇ ਜ਼ੋਨਲ ਰੇਲਵੇ ਨੂੰ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਟਰੇਨਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਢੁੱਕਵੀਂ ਸਿਖਲਾਈ ਦੇਣ ਅਤੇ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਅਚਨਚੇਤ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ, ਤਾਂ ਜੋ ਨਿਯਮਾਂ ਦੀ ਪਾਲਣਾ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਹੋਵੇ। ਹਾਲਾਂਕਿ, ਰਾਤ ਸਮੇਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੋਬਾਈਲ ਚਾਰਜ ਕਰਨ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।