ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦਾ ਅੱਜ ਚੌਥਾ ਦਿਨ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ‘ਚ ਵਰਕਰਾਂ ਨਾਲ ਕਰਨਗੇ ਮੁਲਾਕਾਤ
- ਬਰਨਾਲਾ ‘ਚ ਚੰਨੀ ਸਮਰਥਕਾਂ ਦੇ ਨਾਅਰਿਆਂ ਮਗਰੋਂ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਚਰਚਾ ‘ਚ
Incharge Bhupesh Baghel’s Punjab visit: ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਦਾ ਅੱਜ ਚੌਥਾ ਦਿਨ ਹੈ। ਉਹ ਸਵੇਰੇ ਬਠਿੰਡਾ ਅਤੇ ਦੁਪਹਿਰ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਦੌਰੇ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਦਰਮਿਆਨ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਐਤਵਾਰ ਨੂੰ ਬਰਨਾਲਾ ਵਿੱਚ ਹੋਏ ਕਾਂਗਰਸ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ “ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ” ਅਤੇ “ਚੰਨੀ ਲਿਆਓ-ਕਾਂਗਰਸ ਬਚਾਓ” ਦੇ ਨਾਅਰੇ ਲਗਾਏ। ਉਸ ਵੇਲੇ ਮੰਚ ‘ਤੇ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ।
ਹੰਗਾਮੇ ਦੌਰਾਨ ਚੰਨੀ ਸਮਰਥਕਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ। ਇਸ ਮਾਮਲੇ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕਾਂਗਰਸ ਦੇ ਸਮਾਗਮ ਵਿੱਚ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਲੱਗਦੇ ਹਨ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਚੰਨੀ ਦੇ ਸਮਰਥਨ ਵਿੱਚ ਨਾਅਰੇ ਲਗਾ ਚੁੱਕੇ ਹਨ ਅਤੇ ਇਸ ‘ਤੇ ਮੀਡੀਆ ਜਾਂ ਹੋਰ ਪਾਰਟੀਆਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
