IND vs WI: ਭਾਰਤ ਨੇ 378 ਦਿਨਾਂ ਬਾਅਦ ਜਿੱਤੀ ਟੈਸਟ ਸੀਰੀਜ਼, ਵੈਸਟ ਇੰਡੀਜ਼ ਦਾ ਕੀਤਾ ਕਲੀਨ ਸਵੀਪ, ਸ਼ੁਭਮਨ ਗਿੱਲ ਅਤੇ ਗੌਤਮ ਗੰਭੀਰ ਦੇ ਨਾਂ ਵੱਡੀ ਪ੍ਰਾਪਤੀ

India vs West Indies, Test Series: ਭਾਰਤ ਨੇ ਦਿੱਲੀ ਟੈਸਟ ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਸੀਰੀਜ਼ ਦੀ ਕਲੀਨ ਸਵੀਪ ਕਰ ਲਈ ਹੈ। ਭਾਰਤ ਨੇ ਅਹਿਮਦਾਬਾਦ ਵਿੱਚ ਪਹਿਲਾ ਟੈਸਟ ਇੱਕ ਪਾਰੀ ਅਤੇ 140 ਦੌੜਾਂ ਨਾਲ ਜਿੱਤਿਆ। ਹੁਣ, ਉਨ੍ਹਾਂ ਨੇ ਦਿੱਲੀ ਟੈਸਟ 7 ਵਿਕਟਾਂ ਨਾਲ ਜਿੱਤਿਆ ਹੈ। ਇਸ ਦੇ ਨਾਲਭਾਰਤ ਦਾ ਲੰਬੇ ਸਮੇਂ ਤੋਂ ਕਾਇਬ ਵੈਸਟ ਇੰਡੀਜ਼ ਉੱਤੇ ਦਬਦਬਾ ਵੀ ਬਰਕਰਾਰ ਰਿਹਾ ਹੈ। ਦਿੱਲੀ ਟੈਸਟ ਵਿੱਚ ਜਿੱਤ ਦੇ ਨਾਲ-ਨਾਲ ਸੀਰੀਜ਼ ਦੀ ਕਲੀਨ ਸਵੀਪ, ਕਈ ਤਰੀਕਿਆਂ ਨਾਲ ਭਾਰਤ ਲਈ ਖਾਸ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਿੱਚ ਇਹ ਭਾਰਤ ਦੀ ਪਹਿਲੀ ਟੈਸਟ ਸੀਰੀਜ਼ ਜਿੱਤ ਹੈ। ਇਸ ਤੋਂ ਇਲਾਵਾ, ਭਾਰਤੀ ਟੀਮ ਨੇ ਗੌਤਮ ਗੰਭੀਰ ਨੂੰ ਜਨਮਦਿਨ ਦਾ ਤੋਹਫ਼ਾ ਵੀ ਦਿੱਤਾ ਹੈ।
ਦਿੱਲੀ ਦੀ ਜਿੱਤ ਗੰਭੀਰ ਲਈ ਜਨਮਦਿਨ ਦਾ ਤੋਹਫ਼ਾ
ਟੀਮ ਇੰਡੀਆ ਦੇ ਮੁੱਖ ਕੋਚ 14 ਅਕਤੂਬਰ, 2025 ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਅਤੇ ਉਸੇ ਦਿਨ, ਭਾਰਤ ਨੇ ਦਿੱਲੀ ਟੈਸਟ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਦੋ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਇਹ ਜਿੱਤ ਗੰਭੀਰ ਲਈ ਮੁੱਖ ਕੋਚ ਵਜੋਂ ਜਨਮਦਿਨ ‘ਤੇ ਮਿਲੀ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ।
ਭਾਰਤ ਨੇ ਦਿੱਲੀ ਟੈਸਟ ਕਿਵੇਂ ਜਿੱਤਿਆ ਅਤੇ ਕਲੀਨ ਸਵੀਪ ਕਿਵੇਂ ਕੀਤਾ
ਹੁਣ ਸਵਾਲ ਇਹ ਹੈ ਕਿ ਭਾਰਤ ਨੇ ਦਿੱਲੀ ਟੈਸਟ ਜਿੱਤ ਕੇ ਸੀਰੀਜ਼ ਦਾ ਕਲੀਨ ਸਵੀਪ ਕਿਵੇਂ ਕੀਤਾ? ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ ‘ਤੇ 518 ਦੌੜਾਂ ‘ਤੇ ਐਲਾਨ ਦਿੱਤੀ। ਭਾਰਤ ਦੀ ਪਹਿਲੀ ਪਾਰੀ ਯਸ਼ਸਵੀ ਜੈਸਵਾਲ ਦੀਆਂ 175 ਦੌੜਾਂ ਅਤੇ ਸ਼ੁਭਮਨ ਗਿੱਲ ਦਾ ਅਜੇਤੂ ਸੈਂਕੜਾ ਇਸ ਜਿੱਤ ਵਿੱਚ ਅਹਿਮ ਸਾਬਿਤ ਹੋਏ ਹਨ।
ਜਵਾਬ ਵਿੱਚ, ਜਦੋਂ ਵੈਸਟ ਇੰਡੀਜ਼ ਬੱਲੇਬਾਜ਼ੀ ਕਰਨ ਲਈ ਉਤਰੀ ਤਾਂ ਭਾਰਤ ਨੇ ਉਨ੍ਹਾਂ ਨੂੰ 248 ਦੌੜਾਂ ‘ਤੇ ਆਊਟ ਕਰ ਦਿੱਤਾ ਅਤੇ ਉਨ੍ਹਾਂ ਨੂੰ ਫਾਲੋਆਨ ਕਰਨ ਲਈ ਮਜਬੂਰ ਕਰ ਦਿੱਤਾ। ਭਾਰਤ ਅਹਿਮਦਾਬਾਦ ਵਾਂਗ ਦਿੱਲੀ ਵਿੱਚ ਵੀ ਪਾਰੀ ਦੀ ਜਿੱਤ ਦਾ ਟੀਚਾ ਰੱਖ ਰਿਹਾ ਸੀ। ਹਾਲਾਂਕਿ, ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 390 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੂੰ 121 ਦੌੜਾਂ ਦਾ ਟੀਚਾ ਮਿਲਿਆ। ਦੂਜੀ ਪਾਰੀ ਵਿੱਚ ਵੈਸਟ ਇੰਡੀਜ਼ ਲਈ ਜੌਨ ਕੈਂਪਬੈਲ ਅਤੇ ਸ਼ਾਈ ਹੋਪ ਨੇ ਸੈਂਕੜੇ ਲਗਾਏ।
ਭਾਰਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਅਤੇ ਕੁੱਲ 8 ਵਿਕਟਾਂ ਲਈਆਂ। ਜਡੇਜਾ ਅਤੇ ਬੁਮਰਾਹ ਨੇ ਚਾਰ-ਚਾਰ ਵਿਕਟਾਂ ਲਈਆਂ, ਜਦੋਂ ਕਿ ਸਿਰਾਜ ਨੇ ਮੈਚ ਵਿੱਚ ਤਿੰਨ ਵਿਕਟਾਂ ਲਈਆਂ।
ਭਾਰਤ ਸਾਹਮਣੇ ਹੁਣ 121 ਦੌੜਾਂ ਦਾ ਟੀਚਾ ਸੀ, ਜਿਸਨੂੰ ਉਨ੍ਹਾਂ ਨੇ ਸੱਤ ਵਿਕਟਾਂ ਨਾਲ ਹਾਸਲ ਕਰ ਲਿਆ। ਭਾਰਤ ਵੱਲੋਂ ਰਨ ਚੇਜ ਵਿੱਚ ਕੇਐਲ ਰਾਹੁਲ ਅਜੇਤੂ ਰਹੇ, ਉਨ੍ਹਾਂ ਨੇ 108 ਗੇਂਦਾਂ ਵਿੱਚ 58 ਦੌੜਾਂ ਬਣਾਈਆਂ।
378 ਦਿਨਾਂ ਬਾਅਦ ਜਿੱਤੀ ਪਹਿਲੀ ਟੈਸਟ ਸੀਰੀਜ਼
ਵੈਸਟਇੰਡੀਜ਼ ਵਿਰੁੱਧ ਕਲੀਨ ਸਵੀਪ ਦੇ ਨਾਲ, ਭਾਰਤ ਨੇ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਆਪਣੀ ਪਹਿਲੀ ਟੈਸਟ ਸੀਰੀਜ਼ ਜਿੱਤੀ। ਇਹ 378 ਦਿਨਾਂ ਬਾਅਦ ਭਾਰਤ ਦੀ ਪਹਿਲੀ ਟੈਸਟ ਸੀਰੀਜ਼ ਜਿੱਤ ਹੈ। ਭਾਰਤ ਦੀ ਆਖਰੀ ਸੀਰੀਜ਼ ਪਿਛਲੇ ਸਾਲ 1 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਜਿੱਤੀ ਸੀ।