ਆਮਦਨ ਤੋਂ ਵੱਧ ਜਾਇਦਾਦ ਅਤੇ ਲੈਂਡ ਮਿਸਿੰਗ ਮਾਮਲਿਆਂ ਵਿੱਚ ਨਜ਼ਰਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਐਸਪੀ ਗੁਰਬੰਸ ਬੈਂਸ ਵੱਲੋਂ ਕਰੀਬ 2 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।
ਲੈਂਡ ਮਿਸਿੰਗ ਮਾਮਲੇ ਤੇ ਫੋਕਸ
ਪੂਰਾ ਧਿਆਨ ਲੈਂਡ ਮਿਸਿੰਗ ਮਾਮਲੇ ‘ਤੇ ਕੇਂਦਰਿਤ ਰਿਹਾ। ਪੁੱਛਗਿੱਛ ਪਟਿਆਲਾ ਸੈਂਟ੍ਰਲ ਜੇਲ ਵਿਖੇ ਹੋਈ, ਜਿੱਥੇ ਮਜੀਠੀਆ ਨਜ਼ਰਬੰਦ ਹਨ। ਪੁੱਛਗਿੱਛ ਦੌਰਾਨ ਉੱਚ ਅਧਿਕਾਰੀ ਮੌਜੂਦ ਰਹੇ ਪਰ ਪੁੱਛਗਿੱਛ ਦੇ ਮੁੱਖ ਮਸਲੇ ਬਾਰੇ ਸਿਰਫ਼ ਅੰਦੇਸ਼ੇ ਹੀ ਲਗਾਏ ਜਾ ਰਹੇ ਹਨ, ਕਿਉਂਕਿ ਰਸਮੀ ਤੌਰ ‘ਤੇ ਕਿਸੇ ਵੀ ਅਧਿਕਾਰੀ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ।
ਐਸਐਸਪੀ ਨੇ ਕੀਤਾ ਪ੍ਰੈਸ ਤੋਂ ਇਨਕਾਰ
ਦੱਸਣਯੋਗ ਗੱਲ ਇਹ ਸੀ ਕਿ ਮੀਡੀਆ ਨੂੰ ਪਹਿਲਾਂ ਤੋਂ ਸੂਚਿਤ ਕੀਤਾ ਗਿਆ ਸੀ ਕਿ ਐਸਐਸਪੀ ਵਰੁਣ ਸ਼ਰਮਾ ਮਾਮਲੇ ਸਬੰਧੀ ਖਾਸ ਪ੍ਰੈਸ ਕਾਨਫਰੰਸ ਕਰਨਗੇ। ਪਰ ਜਦੋਂ ਪੁੱਛਗਿੱਛ ਮੁਕੰਮਲ ਹੋਈ, ਤਾਂ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀਆਂ ਗੱਡੀਆਂ ‘ਚ ਸਵਾਰ ਹੋ ਕੇ ਸਿੱਧਾ ਮੌਕੇ ਤੋਂ ਚਲੇ ਗਏ।
ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ:
“ਮੈਂ ਸਿਰਫ਼ ਇਤਨਾ ਹੀ ਦੱਸ ਸਕਦਾ ਹਾਂ ਕਿ ਐਸਐਸਪੀ ਵਰੁਣ ਸ਼ਰਮਾ, ਜੋ ਕਿ ਸਿੱਟ ਦੇ ਮੁਖੀ ਵੀ ਹਨ, ਉਨ੍ਹਾਂ ਵੱਲੋਂ ਬਿਕਰਮ ਮਜੀਠੀਆ ਨਾਲ ਪੁੱਛਗਿੱਛ ਕੀਤੀ ਗਈ। ਹੋਰ ਕੀ ਗੱਲ ਹੋਈ, ਇਸ ਬਾਰੇ ਉੱਚ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ।”
ਪੂਰੇ ਮਾਮਲੇ ਦੀ ਜਾਂਚ ਸਿੱਟ ਵੱਲੋਂ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਹਲਾਚਲ ਹੋਣ ਦੀ ਸੰਭਾਵਨਾ ਹੈ। ਅਧਿਕਾਰਿਕ ਤੌਰ ‘ਤੇ ਪੁੱਛਗਿੱਛ ਦੀ ਰਿਪੋਰਟ ਜਾਰੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ।