Banner
Banner

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਕਿਸੇ ਵੀ ਗ਼ਰੀਬ ਦਾ ਰਾਸ਼ਨ ਨਹੀਂ ਰੁਕੇਗਾ – ਸ਼ੈਰੀ ਕਲਸੀ

ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਦੇ ਕੁੱਲ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋਂ 55 ਲੱਖ ਗ਼ਰੀਬ ਪੰਜਾਬੀਆਂ ਨੂੰ ਮਿਲਣ ਵਾਲਾ ਮੁਫ਼ਤ ਰਾਸ਼ਨ ਬੰਦ ਕਰਨ ਜਾ ਰਹੀ ਹੈ, ਜੋ ਕਿਸੇ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ […]
Khushi
By : Updated On: 25 Aug 2025 21:11:PM
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਕਿਸੇ ਵੀ ਗ਼ਰੀਬ ਦਾ ਰਾਸ਼ਨ ਨਹੀਂ ਰੁਕੇਗਾ – ਸ਼ੈਰੀ ਕਲਸੀ

ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਦੇ ਕੁੱਲ 1.53 ਕਰੋੜ ਰਾਸ਼ਨ ਕਾਰਡਾਂ ਵਿੱਚੋਂ 55 ਲੱਖ ਗ਼ਰੀਬ ਪੰਜਾਬੀਆਂ ਨੂੰ ਮਿਲਣ ਵਾਲਾ ਮੁਫ਼ਤ ਰਾਸ਼ਨ ਬੰਦ ਕਰਨ ਜਾ ਰਹੀ ਹੈ, ਜੋ ਕਿਸੇ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਸਥਾਨਿਕ ਪੰਚਾਇਤ ਭਵਨ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਸ. ਜਗਰੂਪ ਸਿੰਘ ਸੇਖਵਾਂ, ਸ. ਬਲਬੀਰ ਸਿੰਘ ਪੰਨੂ, ਸ੍ਰੀ ਸ਼ਮਸ਼ੇਰ ਸਿੰਘ ਦੀਨਾਨਗਰ, ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਤੇ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮੁਖਦੇਵ ਸਿੰਘ ਆਲੋਵਾਲ ਵੀ ਮੌਜੂਦ ਸਨ।

ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੇ.ਵਾਈ.ਸੀ. ਨਾ ਹੋਣ ਦਾ ਬਹਾਨਾ ਲਗਾ ਕੇ 23 ਲੱਖ ਗ਼ਰੀਬਾਂ ਦਾ ਰਾਸ਼ਨ ਜੁਲਾਈ ਤੋਂ ਹੀ ਬੰਦ ਕਰ ਦਿੱਤਾ ਹੈ ਅਤੇ ਹੁਣ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬਾਅਦ ਬੰਦ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਲੋਕ ਤੇ ਗ਼ਰੀਬ ਵਿਰੋਧੀ ਫ਼ੈਸਲਾ ਪੰਜਾਬ ਉੱਪਰ ਸਿੱਧਾ ਹਮਲਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਪੇਟ ਪਾਲਦੇ ਹਨ ਅਤੇ ਹੁਣ ਕੇਂਦਰ ਦੀ ਉਹੀ ਸਰਕਾਰ ਪੰਜਾਬ ਦੇ ਗ਼ਰੀਬ ਪਰਿਵਾਰਾਂ ਦੀਆਂ ਪਲੇਟਾਂ ਖ਼ਾਲੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਮੰਨਦੀ ਹੈ ਅਤੇ ਇਸ ਬੇਇਨਸਾਫ਼ੀ ਵਿਰੁੱਧ ਆਮ ਆਦਮੀ ਪਾਰਟੀ ਹਰ ਪੱਧਰ ‘ਤੇ ਲੜਾਈ ਲੜੇਗੀ।

ਸੂਬਾ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਸਜ਼ਾ ਦੇਣਾ ਚਾਹੁੰਦੀ ਹੈ। ਸ੍ਰੀ ਕਲਸੀ ਨੇ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਉਨ੍ਹਾਂ ਲਾਭਪਾਤਰੀਆਂ ਦਾ ਰਾਸ਼ਨ ਬੰਦ ਕਰੋ ਜਿਨ੍ਹਾਂ ਕੋਲ ਕਾਰ ਹੈ, 2.5 ਏਕੜ ਜ਼ਮੀਨ ਹੈ, ਪੁੱਤਰ ਨੌਂਕਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿੱਲੀ ਦੇ ਏ.ਸੀ. ਕਮਰਿਆਂ ਵਿੱਚ ਬੈਠੇ ਲੋਕ ਪੰਜਾਬ ਦੇ ਪਿੰਡਾਂ ਦੀ ਅਸਲ ਹਾਲਤ ਨੂੰ ਨਹੀਂ ਸਮਝਦੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਪੁੱਤਰ ਨੂੰ ਨੌਂਕਰੀ ਮਿਲਦੀ ਹੈ ਤਾਂ ਕੀ ਇਸ ਨਾਲ ਪੂਰਾ ਪਰਿਵਾਰ ਅਮੀਰ ਹੋ ਜਾਂਦਾ ਹੈ? ਕੀ ਪੁਰਾਣੀ ਕਾਰ ਹੋਣ ਦਾ ਮਤਲਬ ਹੈ ਕਿ ਪਰਿਵਾਰ ਭੁੱਖਾ ਨਹੀਂ ਰਹਿ ਸਕਦਾ? ਉਨ੍ਹਾਂ ਕਿਹਾ ਕਿ ਅਸਲ ਵਿੱਚ ਭਾਜਪਾ ਪੰਜਾਬ ਦੇ ਗ਼ਰੀਬਾਂ ਦੇ ਦਰਦ ਨੂੰ ਨਹੀਂ ਸਮਝਣਾ ਚਾਹੁੰਦੀ, ਇਹ ਸਿਰਫ਼ ਬਹਾਨੇ ਲੱਭ ਕੇ ਰਾਸ਼ਨ ਬੰਦ ਕਰ ਰਹੀ ਹੈ।

ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਜਿੰਨਾ ਚਿਰ ਸੂਬੇ ਵਿੱਚ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੈ, ਕਿਸੇ ਵੀ ਗ਼ਰੀਬ ਦਾ ਰਾਸ਼ਨ ਨਹੀਂ ਰੁਕੇਗਾ। ਉਨ੍ਹਾਂ ਕਿਹਾ ਕਿ 1.29 ਕਰੋੜ ਰਾਸ਼ਨ ਲਾਭਪਾਤਰੀਆਂ ਦੀ ਤਸਦੀਕ ਪੂਰੀ ਹੋ ਗਈ ਹੈ ਅਤੇ ਬਾਕੀ ਰਹਿੰਦੇ ਲੋਕਾਂ ਦੀ ਤਸਦੀਕ ਅਗਲੇ 6 ਮਹੀਨਿਆਂ ਵਿੱਚ ਘਰ-ਘਰ ਜਾ ਕੇ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦਾ ਪੰਜਾਬੀਆਂ ਨਾਲ ਵਾਅਦਾ ਹੈ ਕਿ ਕਿਸੇ ਵੀ ਲਾਭਪਾਤਰੀ ਦਾ ਰਾਸ਼ਨ ਕਾਰਡ ਕੱਟਿਆ ਨਹੀਂ ਜਾਵੇਗਾ, ਕਿਸੇ ਮਾਂ ਦੀ ਥਾਲ਼ੀ ਖ਼ਾਲੀ ਨਹੀਂ ਰਹੇਗੀ ਅਤੇ ਨਾ ਹੀ ਕਿਸੇ ਦਾ ਬੱਚਾ ਭੁੱਖਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਸ਼ਨ ਨਹੀਂ, ਸਨਮਾਨ ਦੀ ਲੜਾਈ ਹੈ, ਅਧਿਕਾਰਾਂ ਦੀ ਲੜਾਈ ਹੈ ਅਤੇ ਜੇਕਰ ਲੋੜ ਪਈ ਤਾਂ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਗ਼ਰੀਬਾਂ ਦੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰਾਂਗੇ।

Read Latest News and Breaking News at Daily Post TV, Browse for more News

Ad
Ad