ਲਾਲ ਕਿਲ੍ਹਾ ਧਮਾਕਾ ਮਾਮਲੇ ਦੀ ਜਾਂਚ ਲਗਭਗ ਮੁਕੰਮਲ, ਚਾਰਜਸ਼ੀਟ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ
- NIA ਦੇ ਡੀਜੀ ਰਾਕੇਸ਼ ਅਗਰਵਾਲ ਦਾ ਵੱਡਾ ਖੁਲਾਸਾ
- ਇੱਕ ਫਰਾਰ ਮੁਲਜ਼ਮ ਦੇ ਪਾਕਿਸਤਾਨ ’ਚ ਲੁਕੇ ਹੋਣ ਦਾ ਸ਼ੱਕ
ਨਵੀਂ ਦਿੱਲੀ: ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਲਗਭਗ ਪੂਰੀ ਹੋ ਗਈ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (NIA) ਨੇ ਚਾਰਜਸ਼ੀਟ ਦਾਖ਼ਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। NIA ਦੇ ਡਾਇਰੈਕਟਰ ਜਨਰਲ ਰਾਕੇਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਫਰਾਰ ਹੈ, ਜਿਸ ਦੇ ਪਾਕਿਸਤਾਨ ਵਿੱਚ ਲੁਕੇ ਹੋਣ ਦਾ ਸ਼ੱਕ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇੱਕ ਫਰਾਰ ਵਿਅਕਤੀ ਤੋਂ ਇਲਾਵਾ ਮਾਮਲੇ ਵਿੱਚ ਕਿਸੇ ਹੋਰ ਮੁਲਜ਼ਮ ਜਾਂ ਫਰਾਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਉਨ੍ਹਾਂ ਨੇ ਫਰਾਰ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ। ਦੂਜੇ ਪਾਸੇ, ਡਾ. ਮੁਜ਼ੱਫਰ ਰਾਥਰ ਦੀ ਭਾਲ ਵੀ ਕੀਤੀ ਜਾ ਰਹੀ ਹੈ, ਜਿਸ ਦੇ ਪਹਿਲਾਂ ਅਫਗਾਨਿਸਤਾਨ ਅਤੇ ਬਾਅਦ ਵਿੱਚ ਪਾਕਿਸਤਾਨ ਭੱਜਣ ਦਾ ਸ਼ੱਕ ਹੈ।
ਧਮਾਕੇ ’ਚ 12 ਤੋਂ ਵੱਧ ਲੋਕਾਂ ਦੀ ਹੋਈ ਸੀ ਮੌਤ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 2025 ‘ਚ 10 ਨਵੰਬਰ ਨੂੰ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਕਾਰ ਵਿੱਚ ਹੋਏ ਭਿਆਨਕ ਧਮਾਕੇ ਕਾਰਨ 12 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਜ਼ਖ਼ਮੀ ਹੋਏ ਸਨ। ਇਸ ਘਟਨਾ ਵਿੱਚ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਦਿੱਲੀ ਪੁਲਿਸ ਤੋਂ ਜਾਂਚ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ NIA ਨੇ ਮਈ 2026 ਵਿੱਚ ਪਟਿਆਲਾ ਹਾਊਸ ਅਦਾਲਤ ਦੀ ਵਿਸ਼ੇਸ਼ ਅਦਾਲਤ ਵਿੱਚ 10 ਮੁਲਜ਼ਮਾਂ ਖ਼ਿਲਾਫ਼ 7,500 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਏਜੰਸੀ ਮੁਤਾਬਕ, ਮਾਰੇ ਗਏ ਮੁੱਖ ਸਾਜ਼ਿਸ਼ਕਰਤਾ ਡਾ. ਉਮਰ ਉਨ ਨਬੀ ਸਮੇਤ ਸਾਰੇ 10 ਮੁਲਜ਼ਮ ਅੱਤਵਾਦੀ ਸੰਗਠਨ ‘ਅੰਸਾਰ ਗਜ਼ਵਤ-ਉਲ-ਹਿੰਦ’ ਨਾਲ ਜੁੜੇ ਹੋਏ ਸਨ। ਡਾ. ਨਬੀ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਵਿੱਚ ਮੈਡੀਸਨ ਦਾ ਸਹਾਇਕ ਪ੍ਰੋਫੈਸਰ ਰਹਿ ਚੁੱਕਾ ਸੀ। ਉਸ ਦੀ ਪਛਾਣ DNA ਜਾਂਚ ਰਾਹੀਂ ਕੀਤੀ ਗਈ ਸੀ। ਧਮਾਕੇ ਸਮੇਂ ਉਹ ਵਿਸਫੋਟਕਾਂ ਨਾਲ ਭਰੀ ਕਾਰ ਚਲਾ ਰਿਹਾ ਸੀ।
ਅੱਤਵਾਦ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼
NIA ਮੁਖੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਜਾਂਚ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੂੰ ਕਈ ਅਹਿਮ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਅੱਤਵਾਦ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਸਥਾਨਕ ਪੱਧਰ ’ਤੇ ਅੱਤਵਾਦੀਆਂ ਦੀ ਭਰਤੀ ਪੂਰੀ ਤਰ੍ਹਾਂ ਰੋਕਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ‘ਪ੍ਰਹਾਰ’ (PRAHAAR) ਨੀਤੀ ਤਹਿਤ ਦੇਸ਼ ਭਰ ਦੀਆਂ ਸੁਰੱਖਿਆ ਅਤੇ ਜਾਂਚ ਏਜੰਸੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਅਮਿਤ ਸ਼ਾਹ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਲੁਕੇ ਭਗੌੜਿਆਂ ਅਤੇ ਅੱਤਵਾਦੀਆਂ ਨੂੰ ਭਾਰਤ ਲਿਆ ਕੇ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ।
ਡਰੋਨ ਅਤੇ ਕ੍ਰਿਪਟੋ ਕਰੰਸੀ ਬਣ ਰਹੇ ਵੱਡੇ ਚੁਣੌਤੀ
NIA ਨੇ ਸਰਹੱਦ ਪਾਰੋਂ ਡਰੋਨਾਂ ਦੀ ਵਰਤੋਂ, ਅੱਤਵਾਦੀ ਫੰਡਿੰਗ ਅਤੇ ਕ੍ਰਿਪਟੋ ਕਰੰਸੀ ਰਾਹੀਂ ਪੈਸੇ ਦੇ ਲੈਣ-ਦੇਣ ਨੂੰ ਵੱਡੀ ਚੁਣੌਤੀ ਦੱਸਿਆ ਹੈ। ਏਜੰਸੀ ਮੁਤਾਬਕ, ਅਪਰਾਧੀ ਅਤੇ ਅੱਤਵਾਦੀ ਮਨੀ ਟ੍ਰੇਲ ਲੁਕਾਉਣ ਲਈ ਕ੍ਰਿਪਟੋ ਕਰੰਸੀ ਦੀ ਵਰਤੋਂ ਕਰ ਰਹੇ ਹਨ। ਛੇਵੀਂ ਐਂਟੀ ਟੈਰਰ ਕਾਨਫਰੰਸ ਵਿੱਚ ਸੰਗਠਿਤ ਅਪਰਾਧ ਅਤੇ ਅੱਤਵਾਦ ਦੇ ਗਠਜੋੜ, ਨੌਜਵਾਨਾਂ ਨੂੰ ਕੱਟੜਪੰਥ ਵੱਲ ਧੱਕਣ ਅਤੇ ਤਕਨਾਲੋਜੀ ਦੀ ਮਦਦ ਨਾਲ ਜਾਂਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਰਗੇ ਮੁੱਦਿਆਂ ’ਤੇ ਚਰਚਾ ਹੋਈ।
2026 ਵਿੱਚ NIA ਦੀ ਕਾਰਗੁਜ਼ਾਰੀ
NIA ਵੱਲੋਂ ਦਿੱਤੇ ਅੰਕੜਿਆਂ ਮੁਤਾਬਕ, ਸਾਲ 2026 ਦੌਰਾਨ ਹੁਣ ਤੱਕ 82 ਮਾਮਲੇ ਦਰਜ ਕੀਤੇ ਗਏ ਹਨ। ਇਸ ਸਾਲ ਫੈਸਲਾ ਆਏ 29 ਮਾਮਲਿਆਂ ਵਿੱਚੋਂ 27 ਵਿੱਚ ਮੁਲਜ਼ਮਾਂ ਨੂੰ ਸਜ਼ਾ ਹੋਈ ਹੈ। ਕੁੱਲ 123 ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ, ਜਿਨ੍ਹਾਂ ਵਿੱਚੋਂ 10 ਨੂੰ ਮੌਤ ਦੀ ਸਜ਼ਾ ਅਤੇ 14 ਨੂੰ ਉਮਰ ਕੈਦ ਸੁਣਾਈ ਗਈ ਹੈ। ਇਸ ਤੋਂ ਇਲਾਵਾ NIA ਨੇ 53 ਸਿਖਲਾਈ ਪ੍ਰੋਗਰਾਮਾਂ ਰਾਹੀਂ ਸੂਬਾ ਪੁਲਿਸ ਦੇ 5,800 ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਹੈ ਅਤੇ 21 ਸੂਬਿਆਂ ਵਿੱਚ ਤਕਨੀਕੀ ਸਹਾਇਤਾ ਯੂਨਿਟ ਸਥਾਪਤ ਕੀਤੀਆਂ ਹਨ। ਏਜੰਸੀ ਨੇ ਅੱਤਵਾਦੀ ਸੰਗਠਨਾਂ ਵੱਲੋਂ ਡਰੋਨ ਅਤੇ ਡਿਜੀਟਲ ਪਲੇਟਫਾਰਮਾਂ ਦੀ ਵਧਦੀ ਵਰਤੋਂ ਨੂੰ ਦੇਖਦਿਆਂ ATS ਵਿੱਚ ਸਾਈਬਰ ਮਾਹਿਰਾਂ ਦੀਆਂ ਟੀਮਾਂ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ।