ਆਇਰਲੈਂਡ ਦੇ ਸਟੱਡੀ ਵੀਜ਼ਿਆਂ ’ਤੇ ਸਖ਼ਤੀ: ਭਾਰਤੀ ਵਿਦਿਆਰਥੀਆਂ ਦੀਆਂ 64% ਅਰਜ਼ੀਆਂ ਰੱਦ
- ਏਆਈ ਨਾਲ ਤਿਆਰ ਕੀਤੇ SOP ਬਣੇ ਰੱਦ ਹੋਣ ਦਾ ਕਾਰਨ
Ireland rejected Indian students study visa applications: ਨਵੀਂ ਦਿੱਲੀ: ਆਇਰਲੈਂਡ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਰਿਪੋਰਟ ਮੁਤਾਬਕ, ਲਗਭਗ 5,100 ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਵੀਜ਼ਾ ਅਰਜ਼ੀਆਂ ਵਿੱਚੋਂ ਕਰੀਬ 3,300 ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਵੀਜ਼ਾ ਰੱਦ ਹੋਣ ਦੀ ਦਰ ਲਗਭਗ 64 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਦਾ ਇੱਕ ਮੁੱਖ ਕਾਰਨ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੇ ਗਏ ਸਟੇਟਮੈਂਟ ਆਫ਼ ਪਰਪਜ਼ (SOP) ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਕਈ ਵਿਦਿਆਰਥੀਆਂ ਨੂੰ ਆਇਰਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਮਿਲ ਗਿਆ ਸੀ, ਪਰ ਵੀਜ਼ਾ ਅਰਜ਼ੀ ਦੇ ਨਾਲ ਜਮ੍ਹਾਂ ਕਰਵਾਏ ਗਏ SOP ਵੀਜ਼ਾ ਅਧਿਕਾਰੀਆਂ ਨੂੰ ਇੱਕੋ ਜਿਹੇ ਅਤੇ ਆਮ ਕਿਸਮ ਦੇ ਲੱਗੇ। ਇਨ੍ਹਾਂ ਪੱਤਰਾਂ ਵਿੱਚ ਵਿਦਿਆਰਥੀ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਉਹ ਆਇਰਲੈਂਡ ਵਿੱਚ ਹੀ ਪੜ੍ਹਾਈ ਕਿਉਂ ਕਰਨਾ ਚਾਹੁੰਦੇ ਹਨ। ਕਈ ਅਰਜ਼ੀਆਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼ ਪਰਤਣ ਦੀ ਯੋਜਨਾ ਬਾਰੇ ਵੀ ਸਪੱਸ਼ਟ ਜਾਣਕਾਰੀ ਨਹੀਂ ਸੀ।
ਅਮਰੀਕਾ ਤੋਂ ਬਾਅਦ ਹੁਣ ਆਇਰਲੈਂਡ ਦੀ ਚੁਣੌਤੀ
ਅਮਰੀਕਾ ਵਿੱਚ ਵੀਜ਼ਾ ਅਤੇ ਦਾਖ਼ਲੇ ਸਬੰਧੀ ਸਖ਼ਤੀ ਕਾਰਨ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਆਇਰਲੈਂਡ ਦੇ ਵੀਜ਼ੇ ਨਾ ਮਿਲਣ ਕਾਰਨ ਕਈ ਵਿਦਿਆਰਥੀ ਜਰਮਨੀ ਅਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਦਾਖ਼ਲਾ ਲੈਣ ਦੇ ਵਿਕਲਪ ਲੱਭ ਰਹੇ ਹਨ।
ਪਿਛਲੇ ਇੱਕ ਦਹਾਕੇ ਦੌਰਾਨ ਆਇਰਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਾਲ 2013 ਵਿੱਚ ਉੱਥੇ ਲਗਭਗ 700 ਭਾਰਤੀ ਵਿਦਿਆਰਥੀ ਸਨ, ਜਿਨ੍ਹਾਂ ਦੀ ਗਿਣਤੀ 2024 ਵਿੱਚ ਕਰੀਬ 11,000 ਅਤੇ 2025 ਵਿੱਚ ਲਗਭਗ 13,000 ਹੋ ਗਈ।
ਆਇਰਲੈਂਡ ਵਿੱਚ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM), ਸਾਈਬਰ ਸੁਰੱਖਿਆ, ਏਆਈ, ਡਾਟਾ ਐਨਾਲਿਟਿਕਸ ਅਤੇ ਸਿਹਤ ਸੰਭਾਲ ਵਰਗੇ ਕੋਰਸ ਭਾਰਤੀ ਵਿਦਿਆਰਥੀਆਂ ਵਿੱਚ ਖ਼ਾਸੇ ਪ੍ਰਸਿੱਧ ਹਨ। ਉੱਥੋਂ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਬ੍ਰਿਟੇਨ ਵਿੱਚ ਵੀ ਨੌਕਰੀਆਂ ਦੇ ਮੌਕੇ ਮਿਲ ਸਕਦੇ ਹਨ। ਪਿਛਲੇ ਸਾਲ ਆਇਰਲੈਂਡ ਦੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰਤੀਆਂ ਦੀ ਹਿੱਸੇਦਾਰੀ ਲਗਭਗ 20 ਫ਼ੀਸਦੀ ਦੱਸੀ ਗਈ ਸੀ।
ਬ੍ਰਿਟੇਨ ਵਿੱਚ ਵੀਜ਼ਾ ਨਿਯਮ ਸਖ਼ਤ, ਯੂਨੀਵਰਸਿਟੀਆਂ ਵੱਲੋਂ ਆਫ਼ਰ ਵਾਪਸ
ਦੂਜੇ ਪਾਸੇ, ਬ੍ਰਿਟੇਨ ਵਿੱਚ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਵੀਜ਼ਾ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਸਖ਼ਤੀ ਵਧੀ ਹੈ। ਕਈ ਯੂਨੀਵਰਸਿਟੀਆਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਦਾਖ਼ਲਾ ਆਫ਼ਰ ਵਾਪਸ ਲੈਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।
ਬ੍ਰਿਟਿਸ਼ ਸਰਕਾਰ ਨੇ ਜੂਨ 2026 ਵਿੱਚ ਬੇਸਿਕ ਕੰਪਲਾਇੰਸ ਅਸੈਸਮੈਂਟ (BCA) ਦੇ ਨਿਯਮਾਂ ਤਹਿਤ ਯੂਨੀਵਰਸਿਟੀਆਂ ਲਈ ਵੀਜ਼ਾ ਰੱਦ ਹੋਣ ਦੀ ਦਰ 5 ਫ਼ੀਸਦੀ ਤੋਂ ਹੇਠਾਂ ਰੱਖਣ ਦੀ ਸ਼ਰਤ ਲਾਗੂ ਕੀਤੀ। ਪਹਿਲਾਂ ਇਹ ਹੱਦ 10 ਫ਼ੀਸਦੀ ਸੀ। ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਯੂਨੀਵਰਸਿਟੀਆਂ ਦਾ ਸਟੂਡੈਂਟ ਸਪਾਂਸਰ ਲਾਇਸੈਂਸ ਵੀ ਖ਼ਤਰੇ ਵਿੱਚ ਪੈ ਸਕਦਾ ਹੈ।
ਇਸ ਕਾਰਨ ਯੂਨੀਵਰਸਿਟੀਆਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਵਧੇਰੇ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਹੁਣ ਸਿਰਫ਼ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣਾ ਹੀ ਨਹੀਂ, ਸਗੋਂ ਵੀਜ਼ਾ ਅਰਜ਼ੀ ਵਿੱਚ ਆਪਣੀ ਪੜ੍ਹਾਈ ਦੇ ਉਦੇਸ਼ ਅਤੇ ਭਵਿੱਖ ਦੀ ਯੋਜਨਾ ਸਪੱਸ਼ਟ ਕਰਨਾ ਵੀ ਅਹਿਮ ਹੋ ਗਿਆ ਹੈ।
