ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਚਾਕੂ ਨਾਲ ਹਮਲਾ, ਦੋ ਜ਼ਖ਼ਮੀ
- ਪੁਲੀਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ; ਘਟਨਾ ਦਾ ਕਾਰਨ ਅਜੇ ਸਪਸ਼ਟ ਨਹੀਂ
Knife attack at Canadian Gurdwara: ਨਵੀਂ ਦਿੱਲੀ: ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਸਥਿਤ ਨਾਨਕਸਰ ਗੁਰਦੁਆਰਾ ਗੁਰਸਿੱਖ ਟੈਂਪਲ ਵਿੱਚ ਅੱਜ ਤੜਕੇ ਚਾਕੂ ਨਾਲ ਹੋਏ ਹਮਲੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਐਡਮਿੰਟਨ ਪੁਲੀਸ ਨੇ ਇੱਕ ਬਾਲਗ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲੀਸ ਨੇ ਅਜੇ ਤੱਕ ਹਮਲੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਇਸ ਨੂੰ ਅਧਿਕਾਰਤ ਤੌਰ ’ਤੇ ਨਸਲੀ ਜਾਂ ਨਫ਼ਰਤੀ ਅਪਰਾਧ ਕਰਾਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਉੱਤਰ-ਪੂਰਬੀ ਐਡਮਿੰਟਨ ਵਿੱਚ 1410 ਹੌਰਸਹਿੱਲਜ਼ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਇਹ ਘਟਨਾ ਸਵੇਰੇ ਕਰੀਬ 5 ਵਜੇ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਪੈਰਾ-ਮੈਡੀਕਲ ਟੀਮਾਂ ਮੌਕੇ ’ਤੇ ਪਹੁੰਚੀਆਂ। ਦੋ ਜ਼ਖ਼ਮੀਆਂ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਨਾ ਹੋਣ ਦੀ ਜਾਣਕਾਰੀ ਹੈ।
ਘਟਨਾ ਤੋਂ ਬਾਅਦ ਪੁਲੀਸ ਜਾਂਚ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਕੁਝ ਸਮੇਂ ਲਈ ਸੰਗਤ ਵਾਸਤੇ ਬੰਦ ਕਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸ਼ੇਰ ਸਿੰਘ ਮੁਤਾਬਕ ਸੇਵਾਦਾਰਾਂ ਨੇ ਹਮਲਾਵਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾਣ ਤੋਂ ਰੋਕ ਲਿਆ, ਜਿਸ ਕਾਰਨ ਪਾਵਨ ਸਰੂਪ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਕੁਝ ਸਥਾਨਕ ਜਾਣਕਾਰੀਆਂ ਵਿੱਚ ਸ਼ੱਕੀ ਵਿਅਕਤੀ ਦੇ ਗੋਰਾ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਰ ਪੁਲੀਸ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਨਫ਼ਰਤੀ ਹਮਲੇ ਦੇ ਸ਼ੱਕ ਦੀ ਵੀ ਜਾਂਚ ਦੀ ਮੰਗ
ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਹਮਲੇ ਪਿੱਛੇ ਨਫ਼ਰਤੀ ਭਾਵਨਾ ਦੀ ਕੋਈ ਭੂਮਿਕਾ ਸੀ ਜਾਂ ਨਹੀਂ। ਉਨ੍ਹਾਂ ਕੈਨੇਡਾ ਦੀਆਂ ਸਰਕਾਰਾਂ ਨੂੰ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਮੌਜੂਦਾ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਫ਼ਿਲਹਾਲ ਪੁਲੀਸ ਨੇ ਘਟਨਾ ਨੂੰ ‘ਹੇਟ ਕ੍ਰਾਈਮ’ ਵਜੋਂ ਦਰਜ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ।
ਕੈਲਗਰੀ ਦੇ ਗੁਰਦੁਆਰਿਆਂ ਨੂੰ ਧਮਕੀ ਭਰੀਆਂ ਕਾਲਾਂ ਤੋਂ ਬਾਅਦ ਵਾਪਰੀ ਘਟਨਾ
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਲਬਰਟਾ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੈਲਗਰੀ ਪੁਲੀਸ ਨੇ ਉੱਤਰ-ਪੂਰਬੀ ਕੈਲਗਰੀ ਦੇ ਦੋ ਸਿੱਖ ਗੁਰਦੁਆਰਿਆਂ ਨੂੰ ਮਿਲੀਆਂ ਧਮਕੀ ਭਰੀਆਂ ਕਾਲਾਂ ਦੀ ਜਾਂਚ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚ ਦਸਮੇਸ਼ ਕਲਚਰ ਸੈਂਟਰ ਨੂੰ ਮਿਲੀ ਧਮਕੀ ਵੀ ਸ਼ਾਮਲ ਸੀ।
ਕੈਲਗਰੀ ਦੇ ਮੇਅਰ ਜੇਰੋਮੀ ਫਰਕਾਸ ਨੇ ਵੀ ਇਨ੍ਹਾਂ ਧਮਕੀਆਂ ਦੀ ਨਿੰਦਾ ਕੀਤੀ ਹੈ। ਨਾਨਕਸਰ ਗੁਰਦੁਆਰਾ ਗੁਰਸਿੱਖ ਟੈਂਪਲ ਅਲਬਰਟਾ ਦੇ ਪ੍ਰਮੁੱਖ ਸਿੱਖ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਮੌਜੂਦਾ ਗੁਰਦੁਆਰਾ ਕੰਪਲੈਕਸ 1996 ਵਿੱਚ ਇਸ ਥਾਂ ’ਤੇ ਸਥਾਪਤ ਕੀਤਾ ਗਿਆ ਸੀ ਅਤੇ ਇਹ ਕਰੀਬ 30,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਦੇ ਅਸਲ ਕਾਰਨ ਅਤੇ ਹਮਲੇ ਦੇ ਮਕਸਦ ਬਾਰੇ ਅਗਲੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
