ਪਿੰਡ ਦੇ ਖੇਤਾਂ ’ਚੋਂ ਹੈਰੋਇਨ ਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ, ਹੈਰੋਇਨ, 50 ਕਾਰਤੂਸ, 4 ਵਿਦੇਸ਼ੀ ਪਿਸਤੌਲਾਂ ਬਰਾਮਦ
Khalda Border; ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਮਾੜੀ ਮੇਘਾ ਦੇ ਖੇਤਾਂ ਵਿੱਚੋਂ ਖਾਲੜਾ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਨੇ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਪੀਲੇ ਰੰਗ ਦਾ ਇੱਕ ਸ਼ੱਕੀ ਪੈਕੇਟ ਮਿਲਿਆ।
ਪੈਕੇਟ ਦੀ ਜਾਂਚ ਕਰਨ ’ਤੇ ਉਸ ਵਿੱਚੋਂ 1 ਕਿਲੋ 965 ਗ੍ਰਾਮ ਹੈਰੋਇਨ, 85 ਗ੍ਰਾਮ ਪੈਕਿੰਗ ਸਮੱਗਰੀ, ਚਾਰ ਵਿਦੇਸ਼ੀ ਪਿਸਤੌਲ, ਚਾਰ ਮੈਗਜ਼ੀਨ ਅਤੇ 50 ਕਾਰਤੂਸ ਬਰਾਮਦ ਹੋਏ।
ਥਾਣਾ ਖਾਲੜਾ ਦੇ ਇੰਚਾਰਜ SI ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ BSF ਦੀ 115ਵੀਂ ਬਟਾਲੀਅਨ ਦੀ BOP ਦੇ ਕਮਾਂਡਰ ਐੱਲ.ਐੱਸ. ਸ਼ਰਮਾ ਅਤੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਖੇਤਾਂ ਵਿੱਚੋਂ ਸ਼ੱਕੀ ਪੀਲੇ ਰੰਗ ਦਾ ਪੈਕੇਟ ਮਿਲਿਆ।
ਬਰਾਮਦ ਕੀਤੇ ਹਥਿਆਰਾਂ ਵਿੱਚ ਤੁਰਕੀ ਵਿੱਚ ਬਣੇ ਚਾਰ ਵਿਦੇਸ਼ੀ ਪਿਸਤੌਲ (PX 5.7 TSS), ਚਾਰ ਮੈਗਜ਼ੀਨ ਅਤੇ 50 ਕਾਰਤੂਸ ਸ਼ਾਮਲ ਹਨ। ਪੁਲਿਸ ਨੇ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।