ਹੁਸ਼ਿਆਰਪੁਰ ਦੀ ਸੋਨਾਲੀਕਾ ਫੈਕਟਰੀ ’ਚ ਵੜਿਆ ਤੇਂਦੂਆ
- ਬੀਤੀ ਰਾਤ ਤੋਂ ਕੰਪਲੈਕਸ ਅੰਦਰ ਮੌਜੂਦ ਹੈ ਜੰਗਲੀ ਜਾਨਵਰ
- ਭਾਰੀ ਮਸ਼ੀਨਰੀ ਕਾਰਨ ਰੈਸਕਿਊ ਟੀਮਾਂ ਨੂੰ ਲੋਕੇਸ਼ਨ ਲੱਭਣ ’ਚ ਆ ਰਹੀ ਮੁਸ਼ਕਲ
ਹੁਸ਼ਿਆਰਪੁਰ: ਹੁਸ਼ਿਆਰਪੁਰ ਸਥਿਤ ਟਰੈਕਟਰ ਨਿਰਮਾਤਾ ਕੰਪਨੀ ਸੋਨਾਲੀਕਾ ਇੰਟਰਨੈਸ਼ਨਲ ਦੇ ਫੈਕਟਰੀ ਕੰਪਲੈਕਸ ਵਿੱਚ ਤੇਂਦੂਆ ਦਾਖ਼ਲ ਹੋਣ ਨਾਲ ਹੜਕੰਪ ਮਚ ਗਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਪ੍ਰਬੰਧਕਾਂ ਨੇ ਫੈਕਟਰੀ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਅਤੇ ਵਰਕਰਾਂ ਨੂੰ ਛੁੱਟੀ ਦੇ ਦਿੱਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਜੰਗਲਾਤ ਵਿਭਾਗ ਦੀਆਂ ਟੀਮਾਂ ਤੇਂਦੂਏ ਨੂੰ ਕਾਬੂ ਕਰਨ ਲਈ ਮੌਕੇ ’ਤੇ ਰੈਸਕਿਊ ਮੁਹਿੰਮ ਚਲਾ ਰਹੀਆਂ ਹਨ। ਵਿਭਾਗ ਦੇ ਅਧਿਕਾਰੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਤੇਂਦੂਆ ਬੀਤੀ ਰਾਤ ਤੋਂ ਹੀ ਫੈਕਟਰੀ ਦੇ ਅੰਦਰ ਹੈ। ਉਨ੍ਹਾਂ ਮੁਤਾਬਕ ਕੰਪਲੈਕਸ ਵਿੱਚ ਵੱਡੀ ਗਿਣਤੀ ਵਿੱਚ ਭਾਰੀ ਮਸ਼ੀਨਾਂ ਅਤੇ ਹੋਰ ਸਾਮਾਨ ਹੋਣ ਕਾਰਨ ਜਾਨਵਰ ਦੀ ਸਹੀ ਜਗ੍ਹਾ ਦਾ ਪਤਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ।
ਇਸ ਕਾਰਨ ਬਚਾਅ ਟੀਮਾਂ ਨੂੰ ਤੇਂਦੂਏ ਨੂੰ ਸੁਰੱਖਿਅਤ ਢੰਗ ਨਾਲ ਜਾਲ ਵਿੱਚ ਫਸਾਉਣ ਲਈ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ। ਫਿਲਹਾਲ ਫੈਕਟਰੀ ਦੇ ਪ੍ਰਭਾਵਿਤ ਹਿੱਸੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਜੰਗਲਾਤ ਵਿਭਾਗ ਵੱਲੋਂ ਪੂਰੀ ਸਾਵਧਾਨੀ ਨਾਲ ਕਾਰਵਾਈ ਜਾਰੀ ਹੈ।