ਲੋਕ ਸਭਾ ਸੈਸ਼ਨ 30 ਨਵੰਬਰ ਨੂੰ ਅਤੇ ਰਾਜ ਸਭਾ ਸੈਸ਼ਨ 2 ਦਸੰਬਰ ਨੂੰ: ਲਿਆਂਦਾ ਜਾ ਸਕਦਾ ਹੈ ਹੱਦਬੰਦੀ-ਮਹਿਲਾ ਰਾਖਵਾਂਕਰਨ ਬਿੱਲ
- 3 ਦਸੰਬਰ ਤੱਕ ਕਾਰਵਾਈ ਮੁਕੰਮਲ ਹੋਣ ਦੀ ਸੰਭਾਵਨਾ
- ਮਹਿਲਾ ਰਾਖਵਾਂਕਰਨ ਕਾਨੂੰਨ ਲਾਗੂ ਕਰਨ ਲਈ ਹਲਕਾਬੰਦੀ ਨਾਲ ਜੁੜੇ ਬਿੱਲ ’ਤੇ ਚਰਚਾ ਦੀਆਂ ਅਟਕਲਾਂ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੰਸਦ ਦੇ ਦੋਵਾਂ ਸਦਨਾਂ ਦੀਆਂ ਇਕ-ਇਕ ਦਿਨ ਦੀਆਂ ਬੈਠਕਾਂ ਬੁਲਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਲੋਕ ਸਭਾ ਦੀ ਬੈਠਕ 30 ਨਵੰਬਰ ਅਤੇ ਰਾਜ ਸਭਾ ਦੀ ਬੈਠਕ 2 ਦਸੰਬਰ 2026 ਨੂੰ ਹੋਵੇਗੀ। ਦੋਵਾਂ ਸਦਨਾਂ ਦੀ ਕਾਰਵਾਈ 3 ਦਸੰਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਰਾਜ ਸਭਾ ਦੇ ਸਭਾਪਤੀ ਅਤੇ ਲੋਕ ਸਭਾ ਦੇ ਸਪੀਕਰ ਨੂੰ ਦੋਵਾਂ ਸਦਨਾਂ ਦੀ ਬੈਠਕ ਬੁਲਾਉਣ ਦੀ ਬੇਨਤੀ ਕੀਤੀ ਹੈ। ਇਨ੍ਹਾਂ ਬੈਠਕਾਂ ਦੌਰਾਨ ਜ਼ਰੂਰੀ ਸਰਕਾਰੀ ਕੰਮਕਾਜ ਨਿਪਟਾਇਆ ਜਾਵੇਗਾ।
ਮਹਿਲਾ ਰਾਖਵਾਂਕਰਨ ਕਾਨੂੰਨ ਨਾਲ ਜੁੜੇ ਬਿੱਲ ’ਤੇ ਨਜ਼ਰਾਂ
ਸੰਸਦ ਦੀਆਂ ਇਨ੍ਹਾਂ ਬੈਠਕਾਂ ਨੂੰ ਮਹਿਲਾ ਰਾਖਵਾਂਕਰਨ ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਲਈ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਸੀਟਾਂ ਦੀ ਹਲਕਾਬੰਦੀ ਨਾਲ ਸਬੰਧਤ ਸੰਵਿਧਾਨਕ ਸੋਧ ਬਿੱਲ ਲਿਆਉਣ ਬਾਰੇ ਚਰਚਾ ਚੱਲ ਰਹੀ ਹੈ। ਇਸ ਮੁੱਦੇ ’ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਜਾਂ ਵਧਾਇਆ ਗਿਆ ਸੈਸ਼ਨ ਬੁਲਾਏ ਜਾਣ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ, ਕੇਂਦਰ ਸਰਕਾਰ ਨੇ ਅਜੇ ਤੱਕ ਬੈਠਕਾਂ ਦੇ ਏਜੰਡੇ ਵਿੱਚ ਇਸ ਬਿੱਲ ਨੂੰ ਸ਼ਾਮਲ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ।
103 ਦਿਨ ਬਾਅਦ ਵੀ ਰਸਮੀ ਤੌਰ ’ਤੇ ਖ਼ਤਮ ਨਹੀਂ ਹੋਇਆ ਸੀ ਮਾਨਸੂਨ ਸੈਸ਼ਨ
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 103 ਦਿਨ ਬੀਤ ਜਾਣ ਦੇ ਬਾਵਜੂਦ ਬੁੱਧਵਾਰ ਰਾਤ ਤੱਕ ਮਾਨਸੂਨ ਸੈਸ਼ਨ ਰਸਮੀ ਤੌਰ ’ਤੇ ਸਮਾਪਤ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 2008 ਵਿੱਚ ਵੀ ਸੰਸਦ ਦਾ ਇਕ ਸੈਸ਼ਨ 87 ਦਿਨਾਂ ਤੱਕ ਰਸਮੀ ਸਮਾਪਤੀ ਤੋਂ ਬਿਨਾਂ ਚੱਲਿਆ ਸੀ। ਹੁਣ ਨਵੰਬਰ ਅਤੇ ਦਸੰਬਰ ਵਿੱਚ ਹੋਣ ਵਾਲੀਆਂ ਬੈਠਕਾਂ ਦੌਰਾਨ ਸਰਕਾਰ ਦੇ ਅਹਿਮ ਵਿਧਾਨਕ ਅਤੇ ਹੋਰ ਸਰਕਾਰੀ ਕੰਮਕਾਜ ’ਤੇ ਨਜ਼ਰ ਰਹੇਗੀ।