ਲੌਂਗੋਵਾਲ ਕਾਨਫਰੰਸ ਲਈ ਥਾਂ ਅਲਾਟਮੈਂਟ ਮਾਮਲਾ: ਹਾਈਕੋਰਟ ’ਚ ਅੱਜ ਮੁੜ ਸੁਣਵਾਈ
Longowal conference venue allotment case: ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੌਂਗੋਵਾਲ ਵਿੱਚ ਕਾਨਫਰੰਸ ਲਈ ਰਾਖਵੀਂ ਥਾਂ ਪੁਨਰ ਸੁਰਜੀਤ ਦਲ ਨੂੰ ਅਲਾਟ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ। ਇਸ ਮਾਮਲੇ ’ਤੇ ਅੱਜ ਹਾਈਕੋਰਟ ਵਿੱਚ ਮੁੜ ਸੁਣਵਾਈ ਹੋਵੇਗੀ।
ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਮਾਮਲੇ ਵਿੱਚ ਪੁਨਰ ਸੁਰਜੀਤ ਦਲ ਨੂੰ ਪਾਰਟੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਅੱਜ ਹੋਣ ਵਾਲੀ ਸੁਣਵਾਈ ’ਤੇ ਸਾਰਿਆਂ ਦੀ ਨਜ਼ਰ ਰਹੇਗੀ। ਦੱਸ ਦੇਈਏ ਕਿ 20 ਅਗਸਤ ਨੂੰ ਲੌਂਗੋਵਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਕੀਤੀ ਜਾਣੀ ਹੈ। ਕਾਨਫਰੰਸ ਲਈ ਰਾਖਵੀਂ ਥਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਮਾਮਲਾ ਹੁਣ ਹਾਈਕੋਰਟ ਤੱਕ ਪਹੁੰਚ ਗਿਆ ਹੈ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਨੇ ਲੌਂਗੋਵਾਲ ਦੀ ਅਨਾਜ ਮੰਡੀ ਵਿੱਚ ਕਾਨਫਰੰਸ ਕਰਵਾਉਣ ਲਈ ਅਪ੍ਰੈਲ ਮਹੀਨੇ ਵਿੱਚ ਹੀ ਪ੍ਰਵਾਨਗੀ ਲਈ ਅਰਜ਼ੀ ਦੇ ਦਿੱਤੀ ਸੀ। ਉਨ੍ਹਾਂ ਮੁਤਾਬਕ ਅਨਾਜ ਮੰਡੀ ਦੇ ਸ਼ੈੱਡ ਹੇਠਾਂ ਕਾਨਫਰੰਸ ਲਈ ਲੋੜੀਂਦੀ ਫੀਸ ਵੀ ਜਮ੍ਹਾਂ ਕਰਵਾਈ ਜਾ ਚੁੱਕੀ ਸੀ। ਅਕਾਲੀ ਦਲ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ 15 ਅਗਸਤ ਨੂੰ ਪੁਨਰ ਸੁਰਜੀਤ ਦਲ ਤੋਂ ਨਵੀਂ ਅਰਜ਼ੀ ਲੈ ਕੇ ਉਸੇ ਦਿਨ ਫੈਸਲਾ ਕਰਦਿਆਂ ਉਹ ਥਾਂ ਉਸ ਨੂੰ ਅਲਾਟ ਕਰ ਦਿੱਤੀ ਗਈ, ਜੋ ਪਹਿਲਾਂ ਅਕਾਲੀ ਦਲ ਦੀ ਕਾਨਫਰੰਸ ਲਈ ਰਾਖਵੀਂ ਸੀ।
ਡਾ. ਦਲਜੀਤ ਸਿੰਘ ਚੀਮਾ ਨੇ ਇਸ ਫੈਸਲੇ ਨੂੰ ਧੱਕੇਸ਼ਾਹੀ ਅਤੇ ਵਿਤਕਰੇ ਭਰਿਆ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜੇਗਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕੋਰਟ ਤੋਂ ਨਿਆਂ ਦੀ ਮੰਗ ਕਰੇਗੀ ਅਤੇ ਮਿਥੇ ਪ੍ਰੋਗਰਾਮ ਮੁਤਾਬਕ ਕਾਨਫਰੰਸ ਕਰਵਾਉਣ ਦੇ ਆਪਣੇ ਹੱਕ ਦੀ ਰਾਖੀ ਲਈ ਕਾਨੂੰਨੀ ਰਾਹ ਅਪਣਾਏਗੀ। ਅਕਾਲੀ ਦਲ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਪਾਰਟੀ ਵੱਲੋਂ ਸਰਕਾਰੀ ਸੱਤਾ ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
