ਲੁਧਿਆਣਾ: ਔਰਤ ਨੇ ਡਾ. ਅੰਬੇਡਕਰ ਦੇ ਬੁੱਤ ‘ਤੇ ਲੱਗਿਆ ਸ਼ੀਸ਼ਾ ਪੱਥਰ ਮਾਰ ਕੇ ਤੋੜਿਆ: ਘਟਨਾ CCTV ’ਚ ਕੈਦ
- ਮਹਿਲਾ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਲੁਧਿਆਣਾ: ਜਲੰਧਰ ਬਾਈਪਾਸ ਚੌਕ ’ਤੇ ਸਥਾਪਤ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਸ਼ੀਸ਼ੇ ਨੂੰ ਪੱਥਰ ਮਾਰ ਕੇ ਤੋੜਨ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ਮਹਿਲਾ ਪੱਥਰ ਮਾਰਦੀ ਦਿਖਾਈ ਦੇ ਰਹੀ ਹੈ। ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਏਡੀਸੀਪੀ ਸਪੀਰ ਵਰਮਾ ਨੇ ਦੱਸਿਆ ਕਿ ਸਲੇਮ ਟਾਬਰੀ ਥਾਣੇ ਅਧੀਨ ਆਉਂਦੇ ਜਲੰਧਰ ਬਾਈਪਾਸ ਚੌਕ ’ਤੇ ਵਾਪਰੀ ਇਸ ਘਟਨਾ ਦੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਖੰਗਾਲੀ ਗਈ। ਇਸ ਵਿੱਚ ਇੱਕ ਭੀਖ ਮੰਗਣ ਵਾਲੀ ਮਹਿਲਾ ਵੱਲੋਂ ਪੱਥਰ ਮਾਰ ਕੇ ਮੂਰਤੀ ਦੇ ਸ਼ੀਸ਼ੇ ਨੂੰ ਤੋੜਨ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਚੌਧਰੀ ਯਸ਼ਪਾਲ ਨੇ ਮੌਕੇ ’ਤੇ ਪਹੁੰਚ ਕੇ ਇਸ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਜੇਕਰ ਕਿਸੇ ਨੇ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਚੌਕ ’ਤੇ ਮੂਰਤੀ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਸੀ। ਉਸ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਹੁਣ ਤਾਜ਼ਾ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਪਾਇਆ ਜਾ ਰਿਹਾ ਹੈ।