ਹਨੀ ਸਿੰਘ ਤੋਂ ਮਹਾਰਾਸ਼ਟਰ ਸਾਈਬਰ ਸੈੱਲ ਨੇ 2 ਘੰਟੇ ਕੀਤੀ ਪੁੱਛਗਿੱਛ, ਪੜ੍ਹੋ ਕੀ ਹੈ ਮਾਮਲਾ ?
Maharashtra Cyber Cell questioned Honey Singh: ਮੁੰਬਈ: ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਸਾਹਮਣੇ ਪੇਸ਼ ਹੋਏ। ਇੱਥੇ ਇੱਕ ਲਾਈਵ ਕੌਂਸਰਟ ਦੌਰਾਨ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਉਨ੍ਹਾਂ ਤੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ। ਇਸ ਤੋਂ ਬਾਅਦ ਉਹ ਸਖ਼ਤ ਸੁਰੱਖਿਆ ਵਿਚਕਾਰ ਸਾਈਬਰ ਸੈੱਲ ਦੇ ਦਫ਼ਤਰ ਤੋਂ ਬਾਹਰ ਆਏ।
ਰਿਪੋਰਟਾਂ ਮੁਤਾਬਕ, ਹਨੀ ਸਿੰਘ ਨੂੰ ਇਸ ਮਾਮਲੇ ਵਿੱਚ ਤਿੰਨ ਵਾਰ ਸੰਮਨ ਜਾਰੀ ਕੀਤੇ ਗਏ ਸਨ। ਉਨ੍ਹਾਂ ਨੇ ਵਿਦੇਸ਼ ਵਿੱਚ ਹੋਣ ਕਾਰਨ ਪੇਸ਼ ਨਾ ਹੋ ਸਕਣ ਦੀ ਗੱਲ ਕਹੀ ਸੀ ਅਤੇ ਹੋਰ ਸਮਾਂ ਮੰਗਿਆ ਸੀ। ਸਾਈਬਰ ਸੈੱਲ ਨੇ 22 ਅਕਤੂਬਰ ਨੂੰ ਪੇਸ਼ ਹੋਣ ਲਈ ਸਮਾਂ ਦੇਣ ਦੀ ਉਨ੍ਹਾਂ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਸੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਪੇਸ਼ ਨਾ ਹੋਏ ਤਾਂ ਉਨ੍ਹਾਂ ਵਿਰੁੱਧ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਜਾ ਸਕਦਾ ਹੈ।
ਕੀ ਹੈ ਪੂਰਾ ਮਾਮਲਾ ?
ਇਹ ਵਿਵਾਦ ਜਨਵਰੀ ਵਿੱਚ ਦਿੱਲੀ ਵਿਖੇ ਹੋਏ ਹਨੀ ਸਿੰਘ ਦੇ ਇੱਕ ਲਾਈਵ ਕੌਂਸਰਟ ਨਾਲ ਜੁੜਿਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ ਦੀ ਸਰਦੀ ਅਤੇ ਕਾਰ ਵਿੱਚ ਨਿੱਜੀ ਸਬੰਧਾਂ ਬਾਰੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਆਲੋਚਨਾ ਹੋਈ ਅਤੇ ਸ਼ਿਕਾਇਤ ਦਰਜ ਕਰਵਾਈ ਗਈ।
ਵਿਵਾਦ ਵਧਣ ਮਗਰੋਂ ਹਨੀ ਸਿੰਘ ਨੇ ਸਫ਼ਾਈ ਦਿੰਦਿਆਂ ਮੁਆਫ਼ੀ ਵੀ ਮੰਗੀ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਜਨਰੇਸ਼ਨ ਜ਼ੈੱਡ (Gen Z) ਦੇ ਦਰਸ਼ਕਾਂ ਨੂੰ ਦੇਖਿਆ ਤਾਂ ਉਨ੍ਹਾਂ ਨੇ ਉਸੇ ਅੰਦਾਜ਼ ਵਿੱਚ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਗੱਲ ਕਈ ਲੋਕਾਂ ਨੂੰ ਬੁਰੀ ਲੱਗੀ। ਉਨ੍ਹਾਂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਟਿੱਪਣੀ ਨਾਲ ਠੇਸ ਪਹੁੰਚੀ, ਉਹ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਨ। ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
