ਫ਼ਤਹਿਗੜ੍ਹ ਸਾਹਿਬ ‘ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ, 1 ਔਰਤ ਦੀ ਮੌਕੇ ‘ਤੇ ਮੌਤ, 20 ਤੋਂ ਵੱਧ ਜ਼ਖ਼ਮੀ”
Khamanon Mini Bus Road Accident; ਖਮਾਣੋਂ ਦੇ ਨੇੜੇ ਪਿੰਡ ਸਮਸਪੁਰ ਸਿੰਘਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸਮਰਾਲਾ ਤੋਂ ਲਿੰਕ ਰੋਡ ਰਾਹੀਂ ਖਮਾਣੋਂ ਆ ਰਹੀ ਇੱਕ ਮਿੰਨੀ ਬੱਸ ਸੜਕ ਤੋਂ ਹੇਠਾਂ ਪਲਟ ਗਈ, ਜਿਸ ਕਾਰਨ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੱਸ ਵਿੱਚ ਸਵਾਰ ਕਰੀਬ 20 ਤੋਂ 22 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਮ੍ਰਿਤਕ ਔਰਤ ਦੀ ਪਛਾਣ ਪਿੰਡ ਸਮਸਪੁਰ ਸਿੰਘਾ ਦੀ ਰਹਿਣ ਵਾਲੀ ਮਨਜੀਤ ਕੌਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਬਿਮਾਰ ਹੋਣ ਕਾਰਨ ਆਪਣੇ ਪੋਤੇ ਨਾਲ ਖਮਾਣੋਂ ਦਵਾਈ ਲੈਣ ਜਾ ਰਹੀ ਸੀ।
ਬੱਸ ਚਾਲਕ ਨੇ ਦੱਸਿਆ ਕਿ ਸਮਰਾਲਾ-ਖਮਾਣੋਂ ਸੜਕ ‘ਤੇ ਨਿਰਮਾਣ ਕਾਰਜ ਚੱਲ ਰਿਹਾ ਹੈ। ਸੜਕ ਦੇ ਕਿਨਾਰਿਆਂ ‘ਤੇ ਬਰਮ ਨਾ ਬਣੇ ਹੋਣ, ਬਰਸਾਤ ਕਾਰਨ ਮਿੱਟੀ ਖਿਸਕਣ ਅਤੇ ਸੜਕ ‘ਤੇ ਪਏ ਰੋੜਿਆਂ ਕਾਰਨ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਜਦੋਂ ਉਹ ਇੱਕ ਮੋਟਰਸਾਈਕਲ ਨੂੰ ਸਾਈਡ ਦੇ ਰਿਹਾ ਸੀ ਤਾਂ ਸੜਕ ਦਾ ਕਿਨਾਰਾ ਕੱਚਾ ਹੋਣ ਅਤੇ ਨਾਲ ਲੱਗੀ ਝੋਨੇ ਦੀ ਫ਼ਸਲ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੋਂ ਹੇਠਾਂ ਪਲਟ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਦੂਜੇ ਪਾਸੇ ਵਾਲੀ ਸੜਕ ਵੀ ਵਿਕਾਸ ਕਾਰਜਾਂ ਕਰਕੇ ਬੰਦ ਸੀ, ਜਿਸ ਕਾਰਨ ਸਾਰਾ ਟ੍ਰੈਫਿਕ ਇਸੇ ਰਸਤੇ ਤੋਂ ਲੰਘ ਰਿਹਾ ਸੀ।
ਮ੍ਰਿਤਕ ਦੀ ਨੂੰਹ ਮੰਜੂ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਆਪਣੇ ਪੋਤੇ ਨਾਲ ਇਲਾਜ ਲਈ ਘਰੋਂ ਨਿਕਲੀ ਸੀ, ਪਰ ਰਸਤੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਉਸ ਦੇ ਪੋਤੇ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਸੜਕ ਨਿਰਮਾਣ ਕਾਰਜ ਵਿੱਚ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਗੌਰਤਲਬ ਹੈ ਕਿ ਇਲਾਕੇ ਵਿੱਚ ਸੜਕਾਂ ਦੇ ਕਿਨਾਰਿਆਂ ‘ਤੇ ਬਰਮ ਨਾ ਬਣਨ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਰਮਾਣ ਕਾਰਜ ਸਮੇਂ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।