ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
Amritsar Heroin Seizure; ਅੰਮ੍ਰਿਤਸਰ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 8 ਕਿਲੋ 409 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪਹਿਲੀ ਕਾਰਵਾਈ ਥਾਣਾ ਭਿੰਡੀ ਸੈਦਾਂ ਦੇ ਇਲਾਕੇ ਵਿੱਚ ਕੀਤੀ ਗਈ, ਜਿੱਥੋਂ ਪੁਲਿਸ ਨੇ 7 ਕਿਲੋ 904 ਗ੍ਰਾਮ ਹੈਰੋਇਨ ਜ਼ਬਤ ਕੀਤੀ। ਉੱਥੇ ਹੀ ਦੂਜੀ ਕਾਰਵਾਈ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਖੇਹਰਾ ਦੇ ਖੇਤਾਂ ਵਿੱਚ ਹੋਈ, ਜਿੱਥੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਮਾਮਲਿਆਂ ਵਿੱਚ NDPS ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।
ਮੋਟਰਸਾਈਕਲਾਂ ਕੋਲੋਂ ਮਿਲੀ 7 ਕਿਲੋ 904 ਗ੍ਰਾਮ ਹੈਰੋਇਨ
ਪਹਿਲੇ ਮਾਮਲੇ ਵਿੱਚ ਇੰਸਪੈਕਟਰ ਸਿਮਰਨਜੀਤ ਕੌਰ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਡਾ ਭਿੰਡੀ ਸੈਦਾਂ ਵਿਖੇ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਅਵਾਨ ਲੱਖਾ ਸਿੰਘ ਫਰੰਟ ਰੋਡ ਵੱਲੋਂ ਹੈਰੋਇਨ ਦੀ ਖੇਪ ਆ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਚੈਕਿੰਗ ਸ਼ੁਰੂ ਕਰ ਦਿੱਤੀ।
ਚੈਕਿੰਗ ਦੌਰਾਨ ਪੁਲਿਸ ਨੂੰ ਦੋ ਮੋਟਰਸਾਈਕਲ ਖੜ੍ਹੇ ਮਿਲੇ। ਉਨ੍ਹਾਂ ਕੋਲ ਪਰਾਲੀ ਦੀਆਂ ਗੱਠਾਂ ਵਿੱਚ ਪੀਲੇ ਰੰਗ ਦੀ ਟੇਪ ਨਾਲ ਸੀਲ ਕੀਤਾ ਹੋਇਆ ਇੱਕ ਮੋਮੀ ਪੈਕਟ ਮਿਲਿਆ। ਜਦੋਂ ਪੈਕਟ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 7 ਕਿਲੋ 904 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੈਕਿੰਗ ਸਮੱਗਰੀ, ਸਿਮ ਕਾਰਡ ਅਤੇ ਟ੍ਰੈਕਰ ਡਿਵਾਈਸ ਵੀ ਜ਼ਬਤ
ਪੁਲਿਸ ਨੇ ਮੌਕੇ ਤੋਂ 634 ਗ੍ਰਾਮ ਪੈਕਿੰਗ ਸਮੱਗਰੀ, ਦੋ ਮੋਟਰਸਾਈਕਲ, ਇੱਕ ਸਿਮ ਕਾਰਡ ਅਤੇ ਇੱਕ ਟ੍ਰੈਕਰ ਡਿਵਾਈਸ ਵੀ ਜ਼ਬਤ ਕੀਤਾ ਹੈ। ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪਿੰਡ ਖੇਹਰਾ ਦੇ ਖੇਤਾਂ ’ਚੋਂ ਮਿਲੀ 505 ਗ੍ਰਾਮ ਹੈਰੋਇਨ
ਦੂਜੇ ਮਾਮਲੇ ਵਿੱਚ ਘਰਿੰਡਾ ਵਿਖੇ ਤਾਇਨਾਤ ADS ਟੀਮ ਦੇ ASI ਹਰਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਖੇਹਰਾ ਦੇ ਖੇਤਾਂ ਵਿੱਚ ਇੱਕ ਪੈਕਟ ਪਿਆ ਹੋਇਆ ਹੈ। ਇਸ ਤੋਂ ਬਾਅਦ ASI ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਪੈਕਟ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ।
ਜਾਂਚ ਦੌਰਾਨ ਪੈਕਟ ਵਿੱਚੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਡਰੱਗ ਕਿੱਟ ਨਾਲ ਜਾਂਚ ਕਰਨ ਤੋਂ ਬਾਅਦ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।