ਫਰੀਦਕੋਟ ਗੁਟਕਾ ਸਾਹਿਬ ਬੇਅਦਬੀ ਮਾਮਲੇ ‘ਚ ਵੱਡੀ ਕਾਰਵਾਈ, ਪੁਲਿਸ ਨੇ ਦੋਸ਼ੀ ਪਿਓ-ਪੁੱਤਰ ਨੂੰ ਕੀਤਾ ਗ੍ਰਿਫ਼ਤਾਰ

Gutka Sahib sacrilege case; ਫਰੀਦਕੋਟ, ਕਸਬਾ ਜੈਤੋ ਨੇੜਲੇ ਪਿੰਡ ਕਰੀਰਵਾਲੀ ’ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦਾ ਪਤਾ ਅੱਜ ਸਵੇਰੇ ਪਿੰਡ ’ਚ ਸੜਕ ’ਤੇ ਖਿਲਰੇ ਪਏ ਗੁਟਕਾ ਸਾਹਿਬ ਦੇ ਅੰਗ (ਪੰਨੇ) ਦੇਖ ਕੇ ਲੱਗਾ।
ਉਕਤ ਘਟਨਾ ਕਾਰਨ ਪਿੰਡ ’ਚ ਤਣਾਅ, ਗੁੱਸੇ ਤੇ ਰੋਹ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਪੁਲਿਸ ਨੇ ਉਕਤ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਜਿੱਥੇ ਮੁਲਜ਼ਮਾਂ ਦੀ ਪਛਾਣ ਕਰ ਲਈ, ਉੱਥੇ ਉਨ੍ਹਾਂ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਵੀ ਆਰੰਭ ਦਿੱਤੀ। ਪਿੰਡ ਦੇ ਵਸਨੀਕ ਕਮਲਜੀਤ ਸਿੰਘ ਮੁਤਾਬਕ ਉਹ ਰੋਜ਼ ਵਾਂਗ ਅੱਜ ਸਵੇਰੇ 7:15 ਵਜੇ ਜਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਤਾਂ ਸੜਕ ਕਿਨਾਰੇ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਦਿੱਸੇ।
ਉਸ ਤੋਂ ਬਾਅਦ ਬਾਬਾ ਮੁਨੀ ਦਾਸ ਦੀ ਸਮਾਧੀ ਨੇੜੇ ਵੀ ਪੰਨੇ ਖਿਲਰੇ ਪਏ ਸਨ। ਉਸ ਨੇ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਤੇ ਸਰਪੰਚ ਜਸਪਾਲ ਸਿੰਘ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਲੋਕਾਂ ਦੇ ਬਿਆਨ ਦਰਜ ਕਰ ਕੇ ਜਾਂਚ ਆਰੰਭ ਦਿੱਤੀ।
ਮਨਵਿੰਦਰਬੀਰ ਸਿੰਘ ਐੱਸਪੀ ਫ਼ਰੀਦਕੋਟ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਿੰਡ ਦਾ ਵਸਨੀਕ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਦਾ ਸੀ ਤੇ ਉਸ ਦਾ ਪੁੱਤਰ ਬਲਕਰਨ ਸਿੰਘ ਵੀ ਸਾਥ ਦਿੰਦਾ ਸੀ। ਉਕਤ ਵਿਵਾਦ ਨੂੰ ਲੈ ਕੇ ਪਤੀ-ਪਤਨੀ ਦਰਮਿਆਨ ਲੜਾਈ-ਝਗੜਾ ਵੀ ਹੁੰਦਾ ਸੀ।
ਇਸੇ ਵਿਵਾਦ ਨੂੰ ਲੈ ਕੇ ਜਸਵਿੰਦਰ ਸਿੰਘ ਨੇ ਘਰ ’ਚ ਰੱਖੇ ਪਵਿੱਤਰ ਗੁਟਕਾ ਸਾਹਿਬ ਨੂੰ ਪਾੜ ਦਿੱਤਾ ਤੇ ਆਪਣੇ ਪੁੱਤਰ ਨੂੰ ਬਾਬਾ ਮੁਨੀ ਦਾਸ ਦੀ ਸਮਾਧੀ ’ਚ ਇਸ ਨੂੰ ਲੁਕਾਉਣ ਬਾਰੇ ਆਖਿਆ। ਸਵੇਰੇ ਹਵਾ ਚੱਲਣ ਤੋਂ ਬਾਅਦ ਉਕਤ ਪੰਨੇ ਉੱਡ ਕੇ ਖਿੱਲਰ ਗਏ। ਐੱਸਪੀ ਫ਼ਰੀਦਕੋਟ ਮੁਤਾਬਕ ਦੋਵੇਂ ਪਿਤਾ-ਪੁੱਤਰ ਨੂੰ ਹਿਰਾਸਤ ’ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।