ਅੰਮ੍ਰਿਤਸਰ ‘ਚ ANTF ਦੀ ਵੱਡੀ ਕਾਰਵਾਈ, 4 ਕਿਲੋ ਤੋਂ ਵੱਧ ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ
Latest News: ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਵੱਡੀ ਕਾਮਯਾਬੀ ਮਿਲੀ ਹੈ। ANTF ਜਲੰਧਰ ਰੇਂਜ ਦੀ ਟੀਮ ਨੇ ਅੰਮ੍ਰਿਤਸਰ ਦੇ ਅਟਾਰੀ ਰੋਡ ਤੋਂ ਇਕ ਨੌਜਵਾਨ ਨੂੰ 4 ਕਿਲੋ 72 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਮਹਿਕਦੀਪ ਸਿੰਘ (23) ਵਾਸੀ ਪਿੰਡ ਰੋੜਾਂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਕਿ ਪਲੱਸ ਟੂ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 10 ਤੋਂ 15 ਕਰੋੜ ਰੁਪਏ ਅੰਕਲਣ ਕੀਤੀ ਗਈ ਹੈ।
ਇਹ ਕਾਰਵਾਈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਅਪਣਾਈ ਗਈ ਸਖ਼ਤ ਨੀਤੀ ਅਤੇ ਲਗਾਤਾਰ ਨਿਗਰਾਨੀ ਦਾ ਨਤੀਜਾ ਮੰਨੀ ਜਾ ਰਹੀ ਹੈ। ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ “ਜ਼ੀਰੋ ਟੋਲਰੈਂਸ” ਨੀਤੀ ਅਪਣਾਈ ਗਈ ਹੈ, ਜਿਸ ਦੇ ਤਹਿਤ ਰਾਜ ਭਰ ਵਿੱਚ ਵੱਡੇ ਪੱਧਰ ‘ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸਦੀ ਸਪਲਾਈ ਕਿਹੜੀਆਂ ਜਗ੍ਹਾਂ ‘ਤੇ ਕੀਤੀ ਜਾਣੀ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।