ਮੈਡ ਸੰਧੂ ਕਤਲਕਾਂਡ ’ਚ ਪੁਲਿਸ ਨੂੰ ਵੱਡੀ ਸਫ਼ਲਤਾ, ਗੁਜਰਾਤ ਤੋਂ 2 ਹੋਰ ਮੁੱਖ ਮੁਲਜ਼ਮ ਗ੍ਰਿਫ਼ਤਾਰ
Mad Sandhu Murder Case; ਅੰਮ੍ਰਿਤਸਰ ਪੁਲਿਸ ਨੇ ਚਰਚਿਤ ਮੈਡ ਸੰਧੂ ਕਤਲਕਾਂਡ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਗੁਜਰਾਤ ਤੋਂ ਦੋ ਹੋਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਵਾਸੀ ਹਰਸਿਮਰਨ ਸਿੰਘ ਅਤੇ ਫਤਿਹ ਸਿੰਘ ਵਜੋਂ ਹੋਈ ਹੈ। ਇਸ ਹਾਈ-ਪ੍ਰੋਫਾਈਲ ਕਤਲ ਮਾਮਲੇ ਵਿੱਚ ਹੁਣ ਤੱਕ ਕੁੱਲ 8 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
3 ਅਕਤੂਬਰ 2026 ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਸਿਮਰਨ ਸਿੰਘ ਅਤੇ ਫਤਿਹ ਸਿੰਘ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ। ਪੁੱਛਗਿੱਛ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਅਤੇ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ।
ਪੁਲਿਸ ਮੁਤਾਬਕ, ਉਨ੍ਹਾਂ ਦੇ ਇਸ਼ਾਰੇ ’ਤੇ ਮੁਲਜ਼ਮਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਤਿੰਨ ਵੱਖ-ਵੱਖ ਥਾਵਾਂ—ਮਾਸਟਰ ਕਲੋਨੀ, ਨੌਸ਼ਹਿਰਾ ਪੰਨੂਆਂ ਅਤੇ ਮੋਹਨਪੁਰ—ਵਿੱਚ ਅੰਨ੍ਹੇਵਾਹ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਦੋਵਾਂ ਦੀ ਗ੍ਰਿਫ਼ਤਾਰੀ ਨਾਲ ਤਰਨਤਾਰਨ ਪੁਲਿਸ ਨੂੰ ਵੀ ਰਾਹਤ ਮਿਲੀ ਹੈ ਅਤੇ ਇਹ ਤਿੰਨੇ ਮਾਮਲੇ ਸੁਲਝਾ ਲਏ ਗਏ ਹਨ।
ਹੁਣ ਤੱਕ 8 ਮੁਲਜ਼ਮ ਪੁਲਿਸ ਦੇ ਅੜਿੱਕੇ
ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਗੁਜਰਾਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 6 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਮੁੱਖ ਸ਼ੂਟਰ ਪਰਮਿੰਦਰ ਸਿੰਘ ਉਰਫ਼ ਕਾਕਾ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਸਹਿ-ਮੁਲਜ਼ਮ ਅਤੇ ਮਦਦਗਾਰ ਅਮਨਦੀਪ ਸਿੰਘ, ਪਰਮਵੀਰ ਸਿੰਘ, ਬਲਜਿੰਦਰ ਸਿੰਘ ਉਰਫ਼ ਲਾਲੀ, ਬਲਰਾਜ ਸਿੰਘ ਉਰਫ਼ ਬੰਟੀ ਅਤੇ ਵਿਕਾਸ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਤੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ, ਲੁਕਣ ਲਈ ਥਾਂ ਦੇਣ ਅਤੇ ਰੇਕੀ ਕਰਨ ਵਿੱਚ ਮਦਦ ਕਰਨ ਦੇ ਦੋਸ਼ ਹਨ।
ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੀਆਂ ਹੋਰ ਕੜੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
