ਅੰਮ੍ਰਿਤਸਰ ‘ਚ ਵੱਡੀ ਘਟਨਾ, ਜ਼ਮੀਨੀ ਵਿਵਾਦ ‘ਚ ਡੇਰਾ ਬਿਆਸ ਦੇ ਸੇਵਾਦਾਰ ਦਾ ਕਤਲ
Amritsar Dera Beas Sewadar Murder; ਅੰਮ੍ਰਿਤਸਰ ਦੇ ਬਿਆਸ ਨੇੜੇ ਪਿੰਡ ਗਾਜੀਵਾਲ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਡੇਰਾ ਬਿਆਸ ਦੇ ਇੱਕ ਸੇਵਾਦਾਰ ਮਨਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦਕਿ ਉਸ ਦੇ ਨਾਲ ਮੌਜੂਦ ਇੱਕ ਹੋਰ ਸੇਵਾਦਾਰ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮੁੱਖ ਮੁਲਜ਼ਮ ਯੁੱਧਵੀਰ ਸਿੰਘ, ਉਸ ਦੀ ਪਤਨੀ ਅਤੇ ਕਰੀਬ 16 ਸਾਲਾ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਨੇ ਆਪਣੇ ਘਰ ਦੀ ਛੱਤ ਤੋਂ ਗੋਲੀਆਂ ਚਲਾਈਆਂ ਸਨ। ਘਟਨਾ ਦੌਰਾਨ ਕਰੀਬ 15 ਤੋਂ 20 ਰਾਊਂਡ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ।
ਅੰਮ੍ਰਿਤਸਰ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਗਲੌਕ ਪਿਸਤੌਲ, ਦੋ .30 ਬੋਰ ਪਿਸਤੌਲ, ਇੱਕ 12 ਬੋਰ ਬੰਦੂਕ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਮੁਤਾਬਕ ਪੁਲਿਸ ਜਦੋਂ ਮੁਲਜ਼ਮਾਂ ਨੂੰ ਗੱਡੀ ਵਿੱਚ ਬਿਠਾ ਕੇ ਲਿਜਾ ਰਹੀ ਸੀ ਤਾਂ ਮੁੱਖ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਅਤੇ ਐੱਸਆਈ ਜਤਿੰਦਰ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਹੱਥੋਪਾਈ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਵਿਵਾਦ ਕਰੀਬ 6 ਕਨਾਲ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ। ਯੁੱਧਵੀਰ ਸਿੰਘ ਦੇ ਨਾਨਕਿਆਂ ਦੀ ਜ਼ਮੀਨ ਵੇਚ ਕੇ ਦੂਜੀ ਧਿਰ ਨੂੰ ਦਿੱਤੀ ਗਈ ਸੀ, ਪਰ ਯੁੱਧਵੀਰ ਇਸ ਜ਼ਮੀਨ ‘ਤੇ ਆਪਣਾ ਹੱਕ ਅਤੇ ਕਬਜ਼ਾ ਹੋਣ ਦਾ ਦਾਅਵਾ ਕਰ ਰਿਹਾ ਸੀ। ਇਸੇ ਵਿਵਾਦ ਕਾਰਨ ਦੋਵੇਂ ਧਿਰਾਂ ਜ਼ਮੀਨ ‘ਤੇ ਕਬਜ਼ਾ ਲੈਣ ਪਹੁੰਚੀਆਂ ਸਨ ਅਤੇ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ।
ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਇਸ ਮਾਮਲੇ ਦਾ ਕਿਸੇ ਸੰਸਥਾ ਨਾਲ ਜੁੜਿਆ ਵਿਵਾਦ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।