ਜਲੰਧਰ ‘ਚ ਦਿਨ-ਦਿਹਾੜੇ ਵੱਡੀ ਘਟਨਾ, 2 ਨੌਜਵਾਨਾਂ ‘ਤੇ ਚੱਲੀਆਂ ਗੋਲੀਆਂ, 7 ਖ਼ਿਲਾਫ਼ FIR
Jalandhar,Shahkot Firing Case; ਜਲੰਧਰ ‘ਚ ਸ਼ਾਹਕੋਟ ਪਿੰਡ ਰਾਮੇ ਵਿਖੇ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ਨੂੰ ਘੇਰ ਕੇ ਗੋਲੀਆਂ ਚਲਾਉਣ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਦੋਵੇਂ ਨੌਜਵਾਨਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਘਟਨਾ ਸਥਾਨ ਤੋਂ ਚੱਲੀ ਗੋਲੀ ਦਾ ਇੱਕ ਖੋਲ ਵੀ ਬਰਾਮਦ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਰਾਮੇ ਨੇ ਦੱਸਿਆ ਕਿ ਪਿੰਡ ਦੇ ਵਿਅਕਤੀ ਜਸਵੰਤ ਸਿੰਘ ਪੁੱਤਰ ਅਜੀਤ ਸਿੰਘ ਨਾਲ ਕਰੀਬ ਤਿੰਨ ਸਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਟਰੈਕਟਰ ’ਤੇ ਖੇਤਾਂ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਜਸਵੰਤ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਜਸਵੰਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਮੌਕੇ ਤੋਂ ਭੇਜ ਦਿੱਤਾ।
ਬਲਰਾਜ ਸਿੰਘ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਅੱਜ ਸਵੇਰੇ ਪਿੰਡ ਦੀ ਪੰਚਾਇਤ ਵੱਲੋਂ ਦੋਵਾਂ ਧਿਰਾਂ ਦਾ ਫੈਸਲਾ ਕਰਵਾਇਆ ਜਾਣਾ ਸੀ। ਪਰ ਇਸ ਤੋਂ ਪਹਿਲਾਂ ਹੀ ਦੁਪਹਿਰ ਕਰੀਬ 12 ਵਜੇ ਜਦੋਂ ਉਹ ਆਪਣੇ ਦੋਸਤ ਕੁਲਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਰਾਮੇ ਨਾਲ ਸੀਟੀ-100 ਮੋਟਰਸਾਈਕਲ ’ਤੇ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਪਿੰਡ ਦੇ ਬਾਹਰਵਾਰ ਫਿਰਨੀ ’ਤੇ ਜਸਵੰਤ ਸਿੰਘ ਤਿੰਨ ਮੋਟਰਸਾਈਕਲਾਂ ਤੇ ਆਪਣੇ ਨਾਲ 6-7 ਹੋਰ ਸਾਥੀਆਂ ਨੂੰ ਲੈ ਕੇ ਆ ਗਿਆ ਅਤੇ ਉਨ੍ਹਾਂ ਨੂੰ ਘੇਰ ਲਿਆ।
ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਜਸਵੰਤ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਨੇ ਪਿਸਤੌਲ ਕੱਢ ਲਏ। ਹਮਲਾਵਰਾਂ ਕੋਲ ਦੋ ਪਿਸਤੌਲ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕਈ ਫਾਇਰ ਕੀਤੇ। ਜਿਸ ਦੌਰਾਨ ਦੋਵੇਂ ਨੌਜਵਾਨਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ, ਜਦਕਿ ਹਮਲਾਵਰ ਉਨ੍ਹਾਂ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।
ਬਲਰਾਜ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਹੈਲਪਲਾਈਨ ਨੰਬਰ 112 ’ਤੇ ਫੋਨ ਕਰਕੇ ਸੂਚਨਾ ਦਿੱਤੀ, ਜਿਸ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਉੱਥੋਂ ਇੱਕ ਖੋਲ ਵੀ ਬਰਾਮਦ ਕੀਤਾ ਗਿਆ।
ਇਸ ਸਬੰਧੀ ਜਾਂਚ ਅਧਿਕਾਰੀ ਏਐੱਸਆਈ ਪਰਜਿੰਦਰ ਕੌਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਬਲਰਾਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜਸਵੰਤ ਸਿੰਘ ਅਤੇ 6 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।