ਅੰਮ੍ਰਿਤਸਰ ਵਿੱਚ ਵੱਡੀ ਕਾਰਵਾਈ, 8 ਕਿਲੋ ਹੈਰੋਇਨ ਅਤੇ ਡਰੋਨ ਬਰਾਮਦ
Latest News: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਸਖ਼ਤ ਮੁਹਿੰਮ ਤਹਿਤ ਥਾਣਾ ਘਰਿੰਡਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ 8 ਕਿਲੋ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨੇਸ਼ਟਾ ਦੇ ਨੇੜੇ ਡਰੇਨ ਨਾਲ ਲੱਗਦੇ ਕਣਕ ਦੇ ਖੇਤਾਂ ਵਿੱਚ ਕੋਈ ਭਾਰੀ ਚੀਜ਼, ਸੰਭਵਤ: ਡਰੋਨ, ਡਿੱਗੀ ਹੋਈ ਹੈ। ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਸਰਚ ਪਾਰਟੀ ਦਾ ਗਠਨ ਕੀਤਾ ਗਿਆ ਅਤੇ ਮੌਕੇ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਤਲਾਸ਼ੀ ਦੌਰਾਨ ਪੁਲਿਸ ਟੀਮ ਨੂੰ ਇੱਕ ਟੁੱਟਿਆ ਹੋਇਆ ਡਰੋਨ ਅਤੇ ਪੀਲੀ ਟੇਪ ਨਾਲ ਲਪੇਟੀ ਹੋਈ ਇੱਕ ਵਜਨਦਾਰ ਵਸਤੂ ਬਰਾਮਦ ਹੋਈ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਇਹ ਵਸਤੂ ਹੈਰੋਇਨ ਹੈ। ਤੋਲ ਕਰਨ ਉਪਰੰਤ ਇਸ ਦਾ ਕੁੱਲ ਵਜ਼ਨ 8 ਕਿਲੋ ਨਿਕਲਿਆ।
ਇਸ ਮਾਮਲੇ ਸਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 414 ਮਿਤੀ 19-12-2025 ਅਧੀਨ ਧਾਰਾਵਾਂ 21, 23, 28, 61, 85 ਐਨ.ਡੀ.ਪੀ.ਐਸ. ਐਕਟ ਅਤੇ 10, 11, 12 ਏਅਰਕ੍ਰਾਫਟ ਐਕਟ 1934 ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਬਰਾਮਦ ਕੀਤੀ ਗਈ ਹੈਰੋਇਨ ਦੇ ਸਰੋਤ ਅਤੇ ਇਸ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਲਈ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।