ਤਪਾ ਮੰਡੀ ‘ਚ ਵਾਪਰਿਆ ਵੱਡਾ ਸੜਕੀ ਹਾਦਸਾ, 1 ਦੀ ਮੌਤ
ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹਾ ਮਾਮਲਾ ਬਰਨਾਲਾ ਦੀ ਤਪਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੌਲਾਂ ਨਾਲ ਭਰੇ ਟਰੱਕ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ ਕਾਰਨ ਸੜਕ ਤੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਟਰੱਕ ਹੇਠ ਦੇ ਕੇ ਕੁਚਲ ਦਿੱਤਾ।
ਮ੍ਰਿਤਕ ਦੀ ਪਹਿਚਾਣ 70 ਸਾਲ ਦੇ ਟਹਿਲ ਸਿੰਘ ਪੁੱਤਰ ਪੂਰਨ ਸਿੰਘ ਬਾਸੀ ਤਪਾ ਮੰਡੀ ਵਜੋਂ ਹੋਈ ਹੈ। ਇਸ ਮੌਕੇ ਮ੍ਰਿਤਕ ਟਹਿਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟਹਿਲ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਸਾਈਡ ਘਰ ਤੋਂ ਅਨਾਜ ਮੰਡੀ ਜਾ ਰਿਹਾ ਸੀ। ਪਿੱਛੇ ਤੇਜ਼ ਰਫਤਾਰ ਆ ਰਹੇ ਚੌਲਾਂ ਨਾਲ ਭਰੇ ਟਰੱਕ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਟਹਿਲ ਸਿੰਘ ਨੂੰ ਪਹਿਲਾਂ ਫੇਟ ਮਾਰ ਦਿੱਤੀ ਅਤੇ ਬਾਅਦ ਵਿੱਚ ਉਸਨੂੰ ਅਪਣੇ ਟਰੱਕ ਹੇਠਾਂ ਦੇਕੇ ਕੁਚਲ ਦਿੱਤਾ । ਜਿਸ ਕਾਰਨ ਟਹਿਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਜਖਮੀ ਟਹਿਲ ਸਿੰਘ ਨੂੰ ਇਲਾਜ ਕਰਾਉਣ ਦੀ ਬਜਾਏ ਟਰੱਕ ਡਰਾਈਵਰ ਉਥੋਂ ਗੱਡੀ ਛੱਡ ਕੇ ਭੱਜ ਗਿਆ। ਉਹਨਾਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਹੋਈ ਮੌਤ ਤੇ ਡਰਾਈਵਰ ਦੀ ਵੱਡੀ ਲਾਪਰਵਾਹੀ ਕਰਨ ਵਾਲੇ ਟਰੱਕ ਡਰਾਈਵਰ ਖਿਲਾਫ ਹਿਟ ਐਂਡ ਰਨ ਦਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ।
ਇਸ ਮਾਮਲੇ ਨੂੰ ਲੈ ਕੇ ਦੂਜੇ ਪਾਸੇ ਪੁਲਿਸ ਅਧਿਕਾਰੀ ਏਐਸਆਈ ਸਤਿਗੁਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮੁਕਦਮਾ ਦਰਜ ਕਰ ਲਿਆ ਗਿਆ ਹੈ। ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲਿਆ ਲਿਆ ਗਿਆ ਹੈ।