ਉੱਤਰਾਖੰਡ ‘ਚ ਵੱਡਾ ਸੜਕ ਹਾਦਸਾ, ਖੱਡ ‘ਚ ਡਿੱਗਿਆ ਮੈਕਸ ਵਾਹਨ; 4 ਦੀ ਮੌਤ
ਵਿਆਹ ਸਮਾਗਮ ਤੋਂ ਪਰਤ ਰਹੇ ਸਨ 10 ਲੋਕ, 6 ਜ਼ਖ਼ਮੀ; ਗੰਭੀਰ ਹਾਲਤ ਵਾਲੇ 4 ਜ਼ਖ਼ਮੀਆਂ ਨੂੰ ਸ਼੍ਰੀਨਗਰ ਬੇਸ ਹਸਪਤਾਲ ਕੀਤਾ ਰੈਫਰ
Rudraprayag Road Accident; ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਅਗਸਤਿਆਮੁਨੀ ਬਲਾਕ ਦੀ ਕਿਊਂਜਾ ਘਾਟੀ ਵਿੱਚ ਮੰਗਲਵਾਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਕੰਡਾਰਾ ਰੋਡ ‘ਤੇ ਰਾਤ ਕਰੀਬ 9 ਵਜੇ ਇੱਕ ਮੈਕਸ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗਿਆ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ।
ਵਿਆਹ ਸਮਾਗਮ ਤੋਂ ਪਰਤ ਰਹੇ ਸਨ ਸਾਰੇ 10 ਲੋਕ
ਜਾਣਕਾਰੀ ਅਨੁਸਾਰ ਵਾਹਨ ਵਿੱਚ ਕੁੱਲ 10 ਲੋਕ ਸਵਾਰ ਸਨ। ਸਾਰੇ ਲੋਕ ਪੋਖਰੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਂਸੀ ਵਾਪਸ ਪਰਤ ਰਹੇ ਸਨ। ਵਾਹਨ ਰਾਂਸੀ-ਗੋਣਾਰ ਖੇਤਰ ਦਾ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਕੰਡਾਰਾ ਰੋਡ ‘ਤੇ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ।
ਪੁਲਿਸ, SDRF ਅਤੇ ਸਥਾਨਕ ਲੋਕਾਂ ਨੇ ਚਲਾਇਆ ਰੈਸਕਿਊ ਆਪਰੇਸ਼ਨ
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਐੱਸਓ ਗੁਮਾਨ ਸਿੰਘ ਨੇਗੀ ਅਤੇ ਕਾਂਸਟੇਬਲ ਸੋਨੂੰ ਗੋਦਿਆਲ ਪੁਲਿਸ ਬਲ ਅਤੇ SDRF ਦੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ, SDRF ਅਤੇ ਸਥਾਨਕ ਲੋਕਾਂ ਨੇ ਸਾਂਝੇ ਤੌਰ ‘ਤੇ ਰੈਸਕਿਊ ਆਪਰੇਸ਼ਨ ਚਲਾ ਕੇ ਸਾਰੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ।
ਚਾਰ ਜ਼ਖ਼ਮੀਆਂ ਦੀ ਹਾਲਤ ਗੰਭੀਰ, ਸ਼੍ਰੀਨਗਰ ਕੀਤਾ ਰੈਫਰ
ਜਾਣਕਾਰੀ ਮੁਤਾਬਕ ਛੇ ਜ਼ਖ਼ਮੀਆਂ ਵਿੱਚੋਂ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਚਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸ਼੍ਰੀਨਗਰ ਦੇ ਬੇਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਸਥਾਨਕ ਨੁਮਾਇੰਦੇ ਵੀ ਰਾਹਤ ਕਾਰਜਾਂ ‘ਚ ਜੁਟੇ
ਜ਼ਿਲ੍ਹਾ ਪੰਚਾਇਤ ਮੈਂਬਰ ਕੰਡਾਰਾ ਅਜੈਵੀਰ ਭੰਡਾਰੀ, ਸਾਬਕਾ ਵਿਧਾਇਕ ਮਨੋਜ ਰਾਵਤ ਅਤੇ ਕਾਲੀਮਠ ਵਾਰਡ ਦੇ ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਬਿਨੋਦ ਰਾਣਾ ਵੀ ਦੇਰ ਰਾਤ ਤੱਕ ਮੌਕੇ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦਿੱਤਾ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।