ਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, 15 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
3 ਕਿਲੋ ਹੈਰੋਇਨ, 3 ਪਿਸਤੌਲਾਂ ਅਤੇ 90 ਜ਼ਿੰਦਾ ਕਾਰਤੂਸ ਬਰਾਮਦ, ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਵੀ ਜ਼ਬਤ
Amritsar Drug Smuggling Arrest; ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ 3 ਕਿਲੋ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 3 ਪਿਸਤੌਲ, 2 ਮੈਗਜ਼ੀਨ, 90 ਜ਼ਿੰਦਾ ਕਾਰਤੂਸ ਅਤੇ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਅਜਨਾਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਬਿਨਾਂ ਨੰਬਰ ਪਲੇਟ ਵਾਲੀ ਬਾਈਕ ‘ਤੇ ਆ ਰਿਹਾ ਸੀ ਮੁਲਜ਼ਮ
ਪੁਲਿਸ ਮੁਤਾਬਕ ਸਬ-ਇੰਸਪੈਕਟਰ/ਐੱਸਐੱਚਓ ਆਪਣੀ ਟੀਮ ਨਾਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਅਜਨਾਲਾ ਤੋਂ ਗੁੱਜਰਪੁਰਾ ਰੋਡ ਵੱਲ ਜਾ ਰਹੇ ਸਨ। ਇਸ ਦੌਰਾਨ ਪੁਲਿਸ ਟੀਮ ਪਿੰਡ ਗੁੱਜਰਪੁਰਾ ਨੂੰ ਮੁੜਨ ਵਾਲੇ ਰਸਤੇ ‘ਤੇ ਨੈਸ਼ਨਲ ਹਾਈਵੇਅ ਦੇ ਨਿਰਮਾਣ ਅਧੀਨ ਪੁਲ ਹੇਠਾਂ ਪਹੁੰਚੀ ਤਾਂ ਪਿੰਡ ਗੁੱਜਰਪੁਰਾ ਵੱਲੋਂ ਇੱਕ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੀ ਕਾਲੇ ਰੰਗ ਦੀ ਬਜਾਜ ਪਲੈਟੀਨਾ ਮੋਟਰਸਾਈਕਲ ‘ਤੇ ਆਉਂਦਾ ਦਿਖਾਈ ਦਿੱਤਾ।
ਬਾਈਕ ਫਿਸਲਣ ਕਾਰਨ ਡਿੱਗਿਆ ਨੌਜਵਾਨ, ਪੁਲਿਸ ਨੇ ਦਬੋਚਿਆ
ਪੁਲਿਸ ਅਨੁਸਾਰ ਨੌਜਵਾਨ ਨੇ ਆਪਣੀ ਪਿੱਠ ‘ਤੇ ਕਾਲੇ ਰੰਗ ਦਾ ਭਾਰੀ ਕਿੱਟ ਬੈਗ ਟੰਗਿਆ ਹੋਇਆ ਸੀ। ਕੁਝ ਦੂਰੀ ਅੱਗੇ ਜਾ ਕੇ ਉਸ ਦੀ ਮੋਟਰਸਾਈਕਲ ਫਿਸਲ ਗਈ ਅਤੇ ਉਹ ਬਾਈਕ ਸਮੇਤ ਸੜਕ ‘ਤੇ ਡਿੱਗ ਪਿਆ। ਇਸੇ ਦੌਰਾਨ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ।
ਬੈਗ ‘ਚੋਂ 3 ਕਿਲੋ ਹੈਰੋਇਨ ਤੇ 3 ਪਿਸਤੌਲ ਬਰਾਮਦ
ਪੁਲਿਸ ਵੱਲੋਂ ਤਲਾਸ਼ੀ ਲੈਣ ‘ਤੇ ਨੌਜਵਾਨ ਦੇ ਕਿੱਟ ਬੈਗ ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਇੱਕ .30 ਬੋਰ ਪਿਸਤੌਲ ਅਤੇ ਦੋ 9×19 ਐੱਮਐੱਮ ਪਿਸਤੌਲ ਵੀ ਮਿਲੇ।
ਪੁਲਿਸ ਨੇ ਦੋ ਮੈਗਜ਼ੀਨ, ਜਿਨ੍ਹਾਂ ਵਿੱਚੋਂ ਇੱਕ ਟੁੱਟੀ ਹੋਈ ਸੀ, 43 ਜ਼ਿੰਦਾ 9 ਐੱਮਐੱਮ ਕਾਰਤੂਸ ਅਤੇ 311/25 ਮਾਰਕਿੰਗ ਵਾਲੇ 47 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤਰ੍ਹਾਂ ਕੁੱਲ 90 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਨਸ਼ੇ ਤੇ ਹਥਿਆਰਾਂ ਦੇ ਸਪਲਾਈ ਨੈੱਟਵਰਕ ਦੀ ਜਾਂਚ ਜਾਰੀ
ਪੁਲਿਸ ਨੇ ਹੈਰੋਇਨ, ਹਥਿਆਰਾਂ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਥਾਣਾ ਅਜਨਾਲਾ ਵਿੱਚ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਹੈਰੋਇਨ ਅਤੇ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਦੇ ਪਿੱਛੇ ਕਿਹੜਾ ਸਪਲਾਈ ਨੈੱਟਵਰਕ ਕੰਮ ਕਰ ਰਿਹਾ ਹੈ।