ਅੰਮ੍ਰਿਤਸਰ ‘ਚ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Amritsar fire news; ਅੰਮ੍ਰਿਤਸਰ ਦੇ ਭੱਦਰਕਾਲੀ ਮੰਦਰ ਦੇ ਬਾਹਰ ਬਣੀਆਂ ਖੋਖਾ ਦੁਕਾਨਾਂ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪੁੱਜੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਕਈ ਖੋਖਿਆਂ ਅਤੇ ਉਨ੍ਹਾਂ ਵਿੱਚ ਪਏ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਬੇਰੀ ਗੇਟ ਫਾਇਰ ਬ੍ਰਿਗੇਡ ਸਟੇਸ਼ਨ ਦੇ ਕਰਮਚਾਰੀ ਦਾਨਿਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਮੰਦਰ ਭੱਦਰਕਾਲੀ ਦੇ ਕੋਲ ਬਾਹਰ ਬਣੀਆਂ ਦੁਕਾਨਾਂ ਵਿੱਚ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ ਗਈ ਅਤੇ ਹੋਰ ਫਾਇਰ ਸਟੇਸ਼ਨਾਂ ਨੂੰ ਵੀ ਸਹਾਇਤਾ ਲਈ ਸੱਦਾ ਦਿੱਤਾ ਗਿਆ।4 ਦੇ ਕਰੀਬ ਗਡੀਆ ਮੌਕੇ ਤੇ ਪੁਹੰਚਿਆ ਇਸ ਤੋਂ ਬਾਅਦ ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦਾ ਸਹੀ ਕਾਰਨ ਹਾਲੇ ਸਾਹਮਣੇ ਨਹੀਂ ਆਇਆ, ਪਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖੋਖੇ ਅਤੇ ਦੁਕਾਨਾਂ ਲੱਕੜ ਨਾਲ ਬਣੀਆਂ ਹੋਣ ਕਾਰਨ ਅੱਗ ਨੇ ਬਹੁਤ ਤੇਜ਼ੀ ਨਾਲ ਭਿਆਨਕ ਰੂਪ ਧਾਰ ਲਿਆ। ਦੁਕਾਨਾਂ ਦੇ ਦਰਵਾਜ਼ੇ, ਚੌਖਟਾਂ ਅਤੇ ਅੰਦਰ ਪਿਆ ਹੋਰ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਇਸ ਮੌਕੇ ਗੁਰਵਿੰਦਰ ਸਿੰਘ ਨਾਮਕ ਦੁਕਾਨਦਾਰ ਵਿਅਕਤੀ ਨੇ ਦੱਸਿਆ ਕਿ ਮੰਦਰ ਦੇ ਪਿੱਛੇ ਖਾਲੀ ਜਗ੍ਹਾ ਵਿੱਚ ਅਕਸਰ ਕੁਝ ਲੋਕ ਪੁਰਾਣੀਆਂ ਤਾਰਾਂ ਅਤੇ ਸਮਾਨ ਨੂੰ ਸਾੜਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸੰਭਾਵਨਾ ਹੈ, ਕਿ ਇਸੇ ਕਾਰਨ ਅੱਗ ਲੱਗੀ ਹੋਵੇ। ਉਨ੍ਹਾ ਕਿਹਾ ਕਿ ਮੈਨੂੰ ਥੋੜੀ ਦੇਰ ਪਹਿਲਾਂ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ,ਮੌਕੇ ਤੇ ਆ ਕੇ ਵੇਖਿਆ ਕਿ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਕੁਝ ਵੀ ਨਹੀਂ ਬਚਿਆ ਉਹਨਾਂ ਦੱਸਿਆ ਕਿ ਉਹਨਾਂ ਦਾ ਲੱਕੜ ਦੇ ਦਰਵਾਜੇ ਬਾਰੀਆਂ ਬਣਾਉਣ ਦਾ ਕੰਮ ਹੈ ਕਿਸੇ ਦੇ ਘਰ ਆਪਣਾ ਕੰਮ ਕਰਨ ਲਈ ਗਏ ਸੀ ਜਿੱਥੇ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਇੱਥੇ ਪਹੁੰਚ ਕੇ ਵੇਖਿਆ ਕਿ ਉਹਨਾਂ ਦਾ ਸਾਰਾ ਸਮਾਨ ਸੜ ਚੁੱਕਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਲੋਕਾਂ ਵੱਲੋਂ ਸਮੇਂ-ਸਮੇਂ ‘ਤੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਬਚਾਅ ਕੀਤਾ ਜਾਂਦਾ ਰਿਹਾ ਹੈ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਸ਼ੇੜੀਆਂ ਅਤੇ ਗੈਰ-ਸਮਾਜਿਕ ਤੱਤਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।