ਆਵਾਰਾ ਕੁੱਤਿਆਂ ਦਾ ਕਹਿਰ, 8 ਸਾਲਾ ਮਾਸੂਮ ਨੂੰ ਨੋਚ-ਨੋਚ ਕੇ ਮਾਰਿਆ, ਸਕੂਲ ਜਾਂਦੇ ਸਮੇਂ ਕੀਤਾ ਹਮਲਾ
Amritsar Stray Dog Attack; ਅੰਮ੍ਰਿਤਸਰ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ। ਬੱਚਾ ਘਰ ਤੋਂ ਸਕੂਲ ਜਾ ਰਿਹਾ ਸੀ, ਇਸੇ ਦੌਰਾਨ ਰਸਤੇ ਵਿੱਚ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਕੁੱਤਿਆਂ ਨੇ ਬੱਚੇ ਦੇ ਸਿਰ, ਲੱਤਾਂ ਅਤੇ ਸੱਜੇ ਕੰਨ ਨੂੰ ਵੀ ਨੋਚ ਲਿਆ।
ਬੱਚੇ ਦੀ ਲਾਸ਼ ਪਿੰਡ ਦੇ ਗਰਾਊਂਡ ਵਿੱਚ ਪਈ ਮਿਲੀ। ਗਰਾਊਂਡ ਵਿੱਚ ਖੇਡਣ ਪਹੁੰਚੇ ਕੁਝ ਬੱਚਿਆਂ ਨੇ ਲਾਸ਼ ਦੇਖੀ ਅਤੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ।
ਰਣਜੀਤ ਆਪਣੀਆਂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 11 ਵਜੇ ਜੰਡਿਆਲਾ ਗੁਰੂ ਦੇ ਪਿੰਡ ਜਲਾਲ ਵਿੱਚ ਵਾਪਰੀ।
ਸਕੂਲ ਜਾਂਦੇ ਸਮੇਂ ਕੁੱਤਿਆਂ ਨੇ ਕੀਤਾ ਹਮਲਾ
ਪੁਲਿਸ ਮੁਤਾਬਕ ਰਣਜੀਤ ਸਿੰਘ ਸਕੂਲ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਆਵਾਰਾ ਕੁੱਤੇ ਉਸ ਦੇ ਪਿੱਛੇ ਪੈ ਗਏ। ਕੁੱਤਿਆਂ ਤੋਂ ਬਚਣ ਲਈ ਬੱਚਾ ਗਰਾਊਂਡ ਵੱਲ ਭੱਜਿਆ, ਜਿੱਥੇ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚ ਲਿਆ। ਹਮਲੇ ਵਿੱਚ ਬੱਚੇ ਦੇ ਸਿਰ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਕੁੱਤਿਆਂ ਨੇ ਉਸ ਦਾ ਸੱਜਾ ਕੰਨ ਵੀ ਨੋਚ ਲਿਆ।
ਮੌਕੇ ‘ਤੇ ਹੀ ਹੋ ਗਈ ਬੱਚੇ ਦੀ ਮੌਤ
ਪਰਿਵਾਰਕ ਮੈਂਬਰਾਂ ਅਨੁਸਾਰ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਬੰਧਤ ਵਿਭਾਗ ਨੂੰ ਪੱਤਰ ਲਿਖ ਕੇ ਆਵਾਰਾ ਕੁੱਤਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਕਿਹਾ ਜਾਵੇਗਾ। ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਜਾਵੇਗਾ।
ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਮੰਗ
ਪਿੰਡ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਕਾਰਨ ਪੂਰਾ ਪਿੰਡ ਦੁਖੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਪਰਿਵਾਰ ਬੇਹੱਦ ਗਰੀਬ ਹੈ।