ਪੰਜਾਬ ’ਚ ‘ਮੇਰੀ ਰਸੋਈ’ ਸਕੀਮ ਦਾ ਐਲਾਨ
Meri Rasoi Scheme: ਪੰਜਾਬ ਕੈਬਨਿਟ ਦੀ ਸੋਮਵਾਰ ਨੂੰ ਮੀਟਿੰਗ ਹੋਈ। ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ ਗਏ। ਬੈਠਕ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨੂੰ ਸੰਬੋਧਤ ਕਰਦਿਆਂ ‘ਮੇਰੀ ਰਸੋਈ’ ਸਕੀਮ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਕਣਕ, ਤੇਲ, ਦਾਲ, ਖੰਡ ਸਮੇਤ ਪੂਰੀ ਫੂਡ ਕਿੱਟ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਹਨ, ਉਹ ਇਸ ਸਕੀਮ ਦਾ ਫਾਇਦਾ ਲੈ ਸਕਣਗੇ।
40 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਯੋਜਨਾ ਦਾ ਫਾਇਦਾ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਮਿਲੇਗਾ। ਇਸ ਸਕੀਮ ਦੇ ਤਹਿਤ ਸਰਕਾਰ ਇੱਕ ਫੂਡ ਕਿੱਟ ਤਿਆਰ ਕਰੇਗੀ। ਇਹ ਕਿੱਟ ਨੀਲੇ ਕਾਰਡ ਵਾਲਿਆਂ ਨੂੰ ਦਿੱਤੀ ਜਾਵੇਗੀ। ਇਸ ਕਿੱਟ ‘ਚ ਕਣਕ ਦੇ ਨਾਲ-ਨਾਲ ਮਾਂਹ-ਛੋਲਿਆਂ ਦੀ 2 ਕਿਲੋ ਦਾਲ, 2 ਕਿਲੋ ਚੀਨੀ, 1 ਕਿਲੋ ਆਈਓਡੀਨ ਨਮਕ, 200 ਗ੍ਰਾਮ ਹਲਦੀ ਪਾਊਡਰ, ਇੱਕ ਲੀਟਰ ਸਰ੍ਹੋਂ ਦਾ ਤੇਲ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਖਾਣੇ ਨੂੰ ਹੋਰ ਵੀ ਪੌਸ਼ਟਿਕ ਬਣਾਉਣ ਦਾ ਆਗਾਜ਼ ਕਰ ਰਹੇ ਹਾਂ ਤਾਂ ਜੋ ਪਰਿਵਾਰ ਦੇ ਬੱਚਿਆਂ ਨੂੰ ਪੌਸ਼ਟਿਕ ਖਾਣਾ ਮਿਲਦਾ ਰਹੇ ਤੇ ਉਹ ਕਪੌਸ਼ਣ ਦਾ ਸ਼ਿਕਾਰ ਨਾ ਹੋਣ।
ਉੱਥੇ ਹੀ, ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਬਜਟ ਸੈਸ਼ਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ 6 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਹੋਵੇਗਾ ਤੇ 16 ਮਾਰਚ ਤੱਕ ਬਜਟ ਸੈਸ਼ਨ ਚਲੇਗਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਆਖਿਰੀ ਬਜਟ ਇਜਲਾਸ ਹੋਵੇਗਾ। ਪੰਜਾਬ ‘ਚ ਅਗਲੇ 2027 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।