ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਝਟਕਾ: ਦੁੱਧ ਦੀਆਂ ਕੀਮਤਾਂ ’ਚ 3 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ
ਲੁਧਿਆਣਾ: ਤਿਉਹਾਰੀ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਸ਼ਹਿਰ ਵਿੱਚ 1 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਨੇ ਦੁੱਧ ਦੇ ਭਾਅ ਵਿੱਚ 3 ਰੁਪਏ ਪ੍ਰਤੀ ਕਿਲੋ ਤੱਕ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਹੈਬੋਵਾਲ ਡੇਅਰੀ ਦੇ ਪ੍ਰਧਾਨ ਕੁਲਦੀਪ ਸਿੰਘ ਲਹਿਰੀਆ ਅਤੇ ਹੋਰ ਡੇਅਰੀ ਨੁਮਾਇੰਦਿਆਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁੱਧ ਵੇਚਣ ਵਾਲੇ ਸਾਰੇ ਬੂਥਾਂ ’ਤੇ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਕ੍ਰੀਮ ਡੇਅਰੀ ਵਾਲਿਆਂ ਲਈ ਫੈਟ ਦੇ ਰੇਟ ਵਿੱਚ ਵੀ 30 ਪੈਸੇ ਦਾ ਵਾਧਾ ਕੀਤਾ ਗਿਆ ਹੈ। ਡੇਅਰੀ ਮਾਲਕਾਂ ਨੂੰ ਨਵੀਆਂ ਕੀਮਤਾਂ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ।
ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਧਣ ਦਾ ਹਵਾਲਾ
ਡੇਅਰੀ ਸੰਚਾਲਕਾਂ ਮੁਤਾਬਕ ਦੁੱਧ ਦੇ ਭਾਅ ਵਧਾਉਣ ਦਾ ਮੁੱਖ ਕਾਰਨ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਤੂੜੀ, ਦਾਣੇ ਅਤੇ ਹਰੇ ਚਾਰੇ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਹਨ। ਇਸ ਕਾਰਨ ਡੇਅਰੀ ਚਲਾਉਣ ਦਾ ਖ਼ਰਚਾ ਲਗਾਤਾਰ ਵਧ ਰਿਹਾ ਹੈ ਅਤੇ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ।
ਘਾਟੇ ਕਾਰਨ ਡੇਅਰੀ ਕਾਰੋਬਾਰ ਬੰਦ ਕਰਨ ਦੀ ਨੌਬਤ
ਡੇਅਰੀ ਨੁਮਾਇੰਦਿਆਂ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਦੁੱਧ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਧਦੇ ਖ਼ਰਚਿਆਂ ਅਤੇ ਆਰਥਿਕ ਦਬਾਅ ਕਾਰਨ ਕਈ ਡੇਅਰੀ ਮਾਲਕਾਂ ਨੂੰ ਆਪਣਾ ਕਾਰੋਬਾਰ ਵੇਚਣ ਬਾਰੇ ਸੋਚਣਾ ਪੈ ਰਿਹਾ ਹੈ। ਡੇਅਰੀ ਮਾਲਕਾਂ ਮੁਤਾਬਕ ਜੇਕਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਉਨ੍ਹਾਂ ਲਈ ਕਾਰੋਬਾਰ ਜਾਰੀ ਰੱਖਣਾ ਹੋਰ ਵੀ ਔਖਾ ਹੋ ਸਕਦਾ ਹੈ। ਨਵੀਆਂ ਦਰਾਂ ਲਾਗੂ ਹੋਣ ਨਾਲ 1 ਨਵੰਬਰ ਤੋਂ ਸ਼ਹਿਰ ਦੇ ਖਪਤਕਾਰਾਂ ਨੂੰ ਦੁੱਧ ਲਈ ਪਹਿਲਾਂ ਨਾਲੋਂ ਵੱਧ ਕੀਮਤ ਅਦਾ ਕਰਨੀ ਪਵੇਗੀ।