ਨਾਈਟ ਕਲੱਬ ’ਚ ਮਹਿਲਾ ਨਾਲ ਬਦਸਲੂਕੀ ਤੇ ਕੁੱਟਮਾਰ, ਕੱਪੜੇ ਉਤਾਰਨ ਦੇ ਦੋਸ਼
- ਮੈਨੇਜਰ ਹਿਰਾਸਤ ’ਚ
- ਪੁਲਿਸ ਵੱਲੋਂ ਜਾਂਚ ਸ਼ੁਰੂ
Misbehavior with woman at nightclub: ਗੁਹਾਟੀ: ਅਸਾਮ ਦੇ ਗੁਹਾਟੀ ਦੇ ਖਾਨਾਪਾੜਾ ਇਲਾਕੇ ਵਿੱਚ ਸਥਿਤ ਇੱਕ ਨਾਈਟ ਕਲੱਬ ਵਿੱਚ ਮਹਿਲਾ ਨਾਲ ਕਥਿਤ ਬਦਸਲੂਕੀ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕਲੱਬ ਦੇ ਬਾਊਂਸਰਾਂ ਨੇ ਮਹਿਲਾ ਨੂੰ ਪਾਰਕਿੰਗ ਖੇਤਰ ਵਿੱਚ ਲਿਜਾ ਕੇ ਉਸ ਦੇ ਸਰੀਰ ਦੇ ਉੱਪਰਲੇ ਹਿੱਸੇ ਦੇ ਕੱਪੜੇ ਉਤਾਰ ਦਿੱਤੇ ਅਤੇ ਕੁੱਟਮਾਰ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪੁਲਿਸ ਨੇ ਕਲੱਬ ਦੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਘਟਨਾ ‘ਦਿ ਲੋਕਲਜ਼ ਕੈਫੇ ਐਂਡ ਲਾਊਂਜ’ ਦੀ ਦੱਸੀ ਜਾ ਰਹੀ ਹੈ। ਵੀਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੀ ਵੀਡੀਓ ਵਿੱਚ ਮਹਿਲਾ ਪਾਰਕਿੰਗ ਖੇਤਰ ਵਿੱਚ ਫਰਸ਼ ’ਤੇ ਪਈ ਦਿਖਾਈ ਦਿੰਦੀ ਹੈ। ਉਸ ਦੇ ਉੱਪਰਲੇ ਸਰੀਰ ’ਤੇ ਕੱਪੜੇ ਨਹੀਂ ਹਨ ਅਤੇ ਦੋ ਮਹਿਲਾਵਾਂ ਉਸ ਨੂੰ ਲੱਤਾਂ ਮਾਰਦੀਆਂ ਨਜ਼ਰ ਆਉਂਦੀਆਂ ਹਨ। ਉੱਥੇ ਕਈ ਪੁਰਸ਼ ਵੀ ਖੜ੍ਹੇ ਦਿਖਾਈ ਦਿੰਦੇ ਹਨ।
ਵਿਵਾਦ ਤੋਂ ਬਾਅਦ ਪਾਰਕਿੰਗ ’ਚ ਲਿਆਂਦੀ ਮਹਿਲਾ
ਰਿਪੋਰਟਾਂ ਮੁਤਾਬਕ, ਇਮਾਰਤ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਮਹਿਲਾ ਆਪਣੇ ਕੁਝ ਦੋਸਤਾਂ ਨਾਲ ਕਲੱਬ ਵਿੱਚ ਆਈ ਸੀ। ਕਥਿਤ ਤੌਰ ’ਤੇ ਕਲੱਬ ਦੇ ਅੰਦਰ ਉਸ ਨੇ ਬੀਅਰ ਦੀ ਬੋਤਲ ਨਾਲ ਇੱਕ ਬਾਊਂਸਰ ’ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਹੋਰ ਬਾਊਂਸਰ ਉਸ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਪਾਰਕਿੰਗ ਖੇਤਰ ਵਿੱਚ ਲੈ ਆਏ। ਗਾਰਡ ਮੁਤਾਬਕ, ਪਾਰਕਿੰਗ ਵਿੱਚ ਲਿਆਉਣ ਤੋਂ ਬਾਅਦ ਮਹਿਲਾ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਉੱਪਰਲੇ ਕੱਪੜੇ ਉਤਾਰ ਦਿੱਤੇ ਗਏ। ਹਾਲਾਂਕਿ, ਵਿਵਾਦ ਕਿਵੇਂ ਸ਼ੁਰੂ ਹੋਇਆ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦੀ ਇੱਕ ਹੋਰ ਵੀਡੀਓ ਵਿੱਚ ਇੱਕ ਪੁਰਸ਼ ਮਹਿਲਾ ਨੂੰ ਗੋਦ ਵਿੱਚ ਚੁੱਕਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਇੱਕ ਕਾਰ ਕੈਮਰੇ ਦੇ ਸਾਹਮਣੇ ਆ ਜਾਂਦੀ ਹੈ, ਜਿਸ ਕਾਰਨ ਕੁਝ ਸਮੇਂ ਲਈ ਦ੍ਰਿਸ਼ ਦਿਖਾਈ ਨਹੀਂ ਦਿੰਦਾ। ਪੂਰਬੀ ਗੁਹਾਟੀ ਦੇ ਡੀਸੀਪੀ ਤਬੂ ਰਾਮ ਪੇਗੂ ਨੇ ਦੱਸਿਆ ਕਿ ਪੁਲਿਸ ਨੇ ਪੁੱਛਗਿੱਛ ਲਈ ਕਲੱਬ ਦੇ ਮੈਨੇਜਰ ਨੂੰ ਹਿਰਾਸਤ ਵਿੱਚ ਲਿਆ ਹੈ। ਪੀੜਤ ਮਹਿਲਾ ਦੀ ਪਛਾਣ ਅਜੇ ਨਹੀਂ ਹੋ ਸਕੀ ਅਤੇ ਉਸ ਵੱਲੋਂ ਸ਼ਿਕਾਇਤ ਵੀ ਨਹੀਂ ਮਿਲੀ ਹੈ। ਉਨ੍ਹਾਂ ਮੁਤਾਬਕ, ਲੋੜ ਪੈਣ ’ਤੇ ਪੁਲਿਸ ਖ਼ੁਦ ਮਾਮਲੇ ਵਿੱਚ ਕੇਸ ਦਰਜ ਕਰ ਸਕਦੀ ਹੈ।
ਘਟਨਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਮੀਡੀਆ ਕਰਮਚਾਰੀ ਕਲੱਬ ਪਹੁੰਚੇ ਤਾਂ ਉਹ ਬੰਦ ਮਿਲਿਆ ਅਤੇ ਅੰਦਰ ਦੀਆਂ ਲਾਈਟਾਂ ਵੀ ਬੰਦ ਸਨ। ਕਲੱਬ ਪ੍ਰਬੰਧਕਾਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
