ਨੰਗਲ ਦੇ VHP ਆਗੂ ਕਤਲ ਮਾਮਲੇ ’ਚ ਵੱਡੀ ਕਾਰਵਾਈ, ਯੂਏਈ ਤੋਂ ਭੇਜੇ ਹਰਵਿੰਦਰ ਕੁਮਾਰ ਨੂੰ NIA ਨੇ ਹਿਰਾਸਤ ’ਚ ਲਿਆ
Nangal VHP leader murder case: ਨੰਗਲ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਆਗੂ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਹਰਵਿੰਦਰ ਕੁਮਾਰ ਉਰਫ਼ ਸੋਨੂ ਬਰਨਾਲਾ ਨੂੰ ਯੂਏਈ ਤੋਂ ਭਾਰਤ ਭੇਜੇ ਜਾਣ ਮਗਰੋਂ ਹਿਰਾਸਤ ਵਿੱਚ ਲਿਆ ਹੈ।
ਜਾਂਚ ਏਜੰਸੀ ਮੁਤਾਬਕ, ਯੂਏਈ ਅਧਿਕਾਰੀਆਂ ਵੱਲੋਂ ਹਰਵਿੰਦਰ ਕੁਮਾਰ ਨੂੰ ਭਾਰਤੀ ਜਾਂਚ ਏਜੰਸੀਆਂ ਦੇ ਹਵਾਲੇ ਕੀਤਾ ਗਿਆ। ਇਸ ਤੋਂ ਬਾਅਦ NIA ਨੇ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ। ਏਜੰਸੀ ਦਾ ਦੋਸ਼ ਹੈ ਕਿ ਸੋਨੂ ਬਰਨਾਲਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜਿਆ ਹੋਇਆ ਸੀ ਅਤੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕਥਿਤ ਤੌਰ ’ਤੇ ਲਾਜਿਸਟਿਕ ਸਹਾਇਤਾ ਅਤੇ ਸਰੋਤ ਮੁਹੱਈਆ ਕਰਵਾਉਂਦਾ ਸੀ।
NIA ਦੀ ਜਾਂਚ ਅਨੁਸਾਰ, ਇਹ ਕਤਲ ਪਾਕਿਸਤਾਨ ਸਥਿਤ BKI ਆਗੂ ਵਧਾਵਾ ਸਿੰਘ ਉਰਫ਼ ਬੱਬਰ ਦੇ ਕਥਿਤ ਨਿਰਦੇਸ਼ਾਂ ’ਤੇ ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੇ ਮਕਸਦ ਨਾਲ ਕਰਵਾਇਆ ਗਿਆ ਸੀ।
13 ਅਪ੍ਰੈਲ 2024 ਨੂੰ ਹੋਇਆ ਸੀ ਕਤਲ
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦੀ 13 ਅਪ੍ਰੈਲ 2024 ਨੂੰ ਨੰਗਲ ਸਥਿਤ ਉਨ੍ਹਾਂ ਦੀ ਦੁਕਾਨ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ NIA ਵੱਲੋਂ ਸ਼ੂਟਰਾਂ ਸਮੇਤ ਕਈ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਹਰਵਿੰਦਰ ਕੁਮਾਰ ਦੀ ਗ੍ਰਿਫ਼ਤਾਰੀ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਇੱਕ ਹੋਰ ਅਹਿਮ ਕੜੀ ਵਜੋਂ ਦੇਖਿਆ ਜਾ ਰਿਹਾ ਹੈ।
