NEET ਪੇਪਰ ਲੀਕ ਮਾਮਲਾ: NTA ਨੇ 47 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਦਰਜ ਹੋਵੇਗਾ ਕ੍ਰਿਮਿਨਲ ਕੇਸ
NEET Exam Controversy; NEET ਪੇਪਰ ਲੀਕ ਮਾਮਲੇ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਮੁਤਾਬਕ NTA ਨੇ 47 ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕ੍ਰਿਮਿਨਲ ਕੇਸ ਵੀ ਦਰਜ ਕੀਤਾ ਜਾਵੇਗਾ।
ਅਧਿਕਾਰੀਆਂ ਦੇ ਮੁਤਾਬਕ ਇਹ ਕਦਮ NTA ਵਿੱਚ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਸੁਧਾਰਾਂ ਤਹਿਤ ਚੁੱਕਿਆ ਗਿਆ ਹੈ। ਏਜੰਸੀ ਵਿੱਚ ਹੋਰ ਵੀ ਕਈ ਵੱਡੇ ਬਦਲਾਅ ਕੀਤੇ ਜਾਣ ਦੀ ਤਿਆਰੀ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਸਿੱਖਿਆ ਮੰਤਰਾਲੇ ਦੇ ਦੋ ਸਕੱਤਰਾਂ ਨੂੰ ਵੀ ਬਦਲ ਦਿੱਤਾ ਸੀ।
ਪੇਪਰ ਲੀਕ ਰੋਕਣ ਲਈ ਬਦਲੇ ਜਾਣਗੇ ਸਿਸਟਮ
ਅਧਿਕਾਰੀਆਂ ਮੁਤਾਬਕ NTA ਦੀ ਆਊਟਸੋਰਸਿੰਗ ਵਿਵਸਥਾ ਵਿੱਚ ਵੀ ਬਦਲਾਅ ਕੀਤਾ ਜਾਵੇਗਾ। ਇਸ ਦੇ ਨਾਲ ਹੀ ਤਕਨੀਕੀ ਸੁਧਾਰ ਲਾਗੂ ਕੀਤੇ ਜਾਣਗੇ ਤਾਂ ਜੋ ਪ੍ਰੀਖਿਆਵਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ।
ਸਰਕਾਰ ਦਾ ਟੀਚਾ ਅਜਿਹਾ ਟੈਸਟਿੰਗ ਸਿਸਟਮ ਤਿਆਰ ਕਰਨਾ ਹੈ, ਜਿਸ ਵਿੱਚ ਪੇਪਰ ਲੀਕ ਦੀ ਕੋਈ ਗੁੰਜਾਇਸ਼ ਨਾ ਰਹੇ।
UPSC ਰਾਹੀਂ ਨਵੀਂ ਭਰਤੀ ਦੀ ਤਿਆਰੀ
NTA ਨੇ ਨਵੀਂ ਭਰਤੀ ਲਈ UPSC ਰਾਹੀਂ ਇਸ਼ਤਿਹਾਰ ਵੀ ਜਾਰੀ ਕੀਤਾ ਹੈ। UPSC ਦੇ ਪ੍ਰਤਿਭਾ ਸੇਤੂ ਪੋਰਟਲ ਰਾਹੀਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ।
NTA ਨੇ 4 ਸੀਨੀਅਰ ਪ੍ਰੋਫੈਸ਼ਨਲ (ਜਨਰਲ ਮੈਨੇਜਰ) ਅਹੁਦਿਆਂ ਲਈ ਸਿੱਧੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 16 ਯੰਗ ਪ੍ਰੋਫੈਸ਼ਨਲਸ ਦੀ ਨਿਯੁਕਤੀ ਵੀ ਕੀਤੀ ਜਾਵੇਗੀ।
PM ਮੋਦੀ ਦੇ ਵੀਡੀਓ ਸੰਦੇਸ਼ ਤੋਂ 20 ਘੰਟਿਆਂ ਬਾਅਦ ਕਾਰਵਾਈ
NEET ਪੇਪਰ ਲੀਕ ਮਾਮਲੇ ਵਿੱਚ NTA ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਸੰਦੇਸ਼ ਤੋਂ ਕਰੀਬ 20 ਘੰਟਿਆਂ ਬਾਅਦ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਰਾਤ ਕਰੀਬ 12 ਵਜੇ ਪ੍ਰਧਾਨ ਮੰਤਰੀ ਮੋਦੀ ਨੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਵੀਡੀਓ ਸੰਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਸਖ਼ਤ ਕਾਰਵਾਈ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਗੱਲ ਕਹੀ ਸੀ।
