GEN-Z ਦੇ ਦਬਾਅ ਅੱਗੇ ਝੁਕੀ ਨੇਪਾਲ ਸਰਕਾਰ, ਸੋਸ਼ਲ ਮੀਡੀਆ ‘ਤੇ ਲੱਗਿਆ ਬੈਨ ਹਟਾਇਆ
ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਲੱਗੇ ਪ੍ਰਤੀਬੰਧ ਨੂੰ ਹਟਾ ਦਿੱਤਾ ਹੈ। ਜਾਣਕਾਰੀ ਅਤੇ ਸੰਚਾਰ ਤਕਨੀਕੀ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਦੱਸਿਆ ਕਿ ਸੋਮਵਾਰ (8 ਸਤੰਬਰ 2025) ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਸੋਸ਼ਲ ਮੀਡੀਆ ਤੋਂ ਬੈਨ ਹਟਾਉਣ ਦਾ ਫੈਸਲਾ ਲਿਆ ਗਿਆ। ਹਾਲਾਂਕਿ, ਮੰਤਰੀ ਗੁਰੂੰਗ ਨੇ ਕਿਹਾ ਕਿ ਸਰਕਾਰ ਨੂੰ ਸੋਸ਼ਲ ਮੀਡੀਆ ਨੂੰ ਪ੍ਰਤੀਬੰਧਿਤ ਕਰਨ ਦੇ ਫੈਸਲੇ ਬਾਰੇ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਕਿਹਾ, “ਸੋਸ਼ਲ ਮੀਡੀਆ ਤੋਂ ਬੈਨ ਹਟਾਉਣ ਦਾ ਫੈਸਲਾ ਉਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਲਿਆ ਗਿਆ ਹੈ, ਜੋ ਇਸ ਨੂੰ ਬਹਾਨੇ ਵਜੋਂ ਵਰਤ ਰਹੇ ਸਨ।” ਪ੍ਰਧਾਨ ਮੰਤਰੀ ਨੇ ਕੈਬਨਿਟ ਨੂੰ ਦੱਸਿਆ ਕਿ ਪ੍ਰਤੀਬੰਧਿਤ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੈ, ਜੋ ਨੇਪਾਲ ਦੇ ਰਾਸ਼ਟਰੀ ਗੌਰਵ ਦਾ ਸਨਮਾਨ ਨਹੀਂ ਕਰਦੀ।
ਇਸ ਪ੍ਰਦਰਸ਼ਨ ‘ਚ ਹੋਈ ਮੌਤਾਂ ਸਣੇ ਕਈ ਹੋਏ ਜ਼ਖਮੀ
ਨੇਪਾਲ ਵਿੱਚ ਪ੍ਰਤੀਬੰਧ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੌਰਾਨ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਨੇਪਾਲ ਦੇ ਸੰਚਾਰ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਥਵੀ ਸੁਬਾ ਗੁਰੂੰਗ ਨੇ ਐਲਾਨ ਕੀਤਾ ਕਿ ਸਰਕਾਰ ਨੇ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਸਾਈਟਾਂ ‘ਤੇ ਲਗਾਇਆ ਗਿਆ ਪ੍ਰਤੀਬੰਧ ਵਾਪਸ ਲੈ ਲਿਆ ਹੈ। ਗੁਰੂੰਗ ਨੇ ਕਿਹਾ ਕਿ ਸੂਚਨਾ ਮੰਤਰਾਲੇ ਨੇ ਸੰਬੰਧਤ ਏਜੰਸੀਆਂ ਨੂੰ ਕਾਠਮੰਡੂ ਦੇ ਵਿਚਕਾਰ ਸੰਸਦ ਦੇ ਸਾਹਮਣੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰਨ ਵਾਲੇ ‘ਜੈਨ-ਜ਼ੀ’ ਸਮੂਹ ਦੀਆਂ ਮੰਗਾਂ ਅਨੁਸਾਰ ਸੋਸ਼ਲ ਮੀਡੀਆ ਸਾਈਟਾਂ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ।
ਨੇਪਾਲ ਨੇ 26 ਸੋਸ਼ਲ ਮੀਡੀਆ ਸਾਈਟਾਂ ‘ਤੇ ਕਿਉਂ ਲਾਇਆ ਸੀ ਬੈਨ?
ਤਿੰਨ ਦਿਨ ਪਹਿਲਾਂ, ਨੇਪਾਲ ਸਰਕਾਰ ਨੇ ਫੇਸਬੁੱਕ ਅਤੇ ‘ਐਕਸ’ ਸਮੇਤ 26 ਸੋਸ਼ਲ ਮੀਡੀਆ ਸਾਈਟਾਂ ‘ਤੇ ਪ੍ਰਤੀਬੰਧ ਲਗਾਉਣ ਦਾ ਹੁਕਮ ਦਿੱਤਾ ਸੀ, ਕਿਉਂਕਿ ਇਹ ਬਿਨਾਂ ਕਿਸੇ ਵੈਧ ਰਜਿਸਟ੍ਰੇਸ਼ਨ ਦੇ ਕੰਮ ਕਰ ਰਹੀਆਂ ਸਨ। ਮੰਤਰੀ ਨੇ ਵਿਰੋਧ ਕਰ ਰਹੇ ‘ਜੈਨ-ਜ਼ੀ’ ਸਮੂਹ ਤੋਂ ਪ੍ਰਦਰਸ਼ਨ ਖਤਮ ਕਰਨ ਦੀ ਬੇਨਤੀ ਕੀਤੀ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਕੁਝ ਪ੍ਰਦਰਸ਼ਨਕਾਰੀਆਂ ਸੰਸਦ ਕੈਂਪਸ ਵਿੱਚ ਦਾਖ਼ਲ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਭੀੜ ਨੂੰ ਤਿਤਰ-ਬਿਤਰ ਕਰਨ ਲਈ ਪਾਣੀ ਦੀ ਬੋਛਾੜਾਂ, ਹੰਝੂ ਗੈਸ ਅਤੇ ਗੋਲੀਆਂ ਦਾ ਇਸਤੇਮਾਲ ਕਰਨਾ ਪਿਆ। ਇਸ ਦੌਰਾਨ, ਫੇਸਬੁੱਕ, ਐਕਸ ਅਤੇ ਵ੍ਹਾਟਸਐਪ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਸੋਮਵਾਰ ਰਾਤ ਤੋਂ ਮੁੜ ਚਾਲੂ ਹੋ ਗਈਆਂ ਹਨ।