Chandigarh Mayor: ਹਰਪ੍ਰੀਤ ਬਬਲਾ ਨੇ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਇਹ ਤਸਵੀਰਾਂ ਮੁੜ ਦਫ਼ਤਰ ‘ਚ ਨਹੀਂ ਲਗਾਈਆਂ ਜਾਂਦੀਆਂ, ਉਹ ਆਪਣੀ ਕੁਰਸੀ ‘ਤੇ ਨਹੀਂ ਬੈਠਣਗੇ।
ਅਨੂਜਾ ਸ਼ਰਮਾ ਦੀ ਖਾਸ ਰਿਪੋਰਟ
New Mayor of Chandigarh Harpreet Kaur Babla: ਚੰਡੀਗੜ੍ਹ ਦੀ ਨਵੀਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅੱਜ ਰਸਮੀ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਚਾਰਜ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਨਗਰ ਨਿਗਮ ਦੇ ਪਿਛਲੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਆਉਣ ਵਾਲੇ ਦਿਨਾਂ ਦੀ ਕਾਰਜ ਯੋਜਨਾ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਦੀ ਫੋਟੋ ਮੁੜ ਲਗਵਾਉਣ ਮਗਰੋਂ ਸੰਭਾਲਿਆ ਅਹੁਦਾ
ਦੱਸ ਦਈਏ ਕਿ ਪਿਛਲੇ ਇੱਕ ਸਾਲ ਤੋਂ ਮੇਅਰ ਦਫ਼ਤਰ ਚੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਾਜਪਾਲ ਦੀਆਂ ਤਸਵੀਰਾਂ ਹਟਾਈਆਂ ਗਈਆਂ ਸੀ। ਹਰਪ੍ਰੀਤ ਕੌਰ ਬਬਲਾ ਨੇ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਇਹ ਤਸਵੀਰਾਂ ਮੁੜ ਦਫ਼ਤਰ ‘ਚ ਨਹੀਂ ਲਗਾਈਆਂ ਜਾਂਦੀਆਂ, ਉਹ ਆਪਣੀ ਕੁਰਸੀ ‘ਤੇ ਨਹੀਂ ਬੈਠਣਗੇ। ਕੱਲ੍ਹ ਮੇਅਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਹ ਵਾਅਦਾ ਦੁਹਰਾਇਆ ਅਤੇ ਅੱਜ ਫੋਟੋਆਂ ਲਗਾ ਕੇ ਹੀ ਆਪਣਾ ਅਹੁਦਾ ਸੰਭਾਲਿਆ।
ਚੰਡੀਗੜ੍ਹ ਦੀ ਸਫ਼ਾਈ ਤੇ ਡੰਪਿੰਗ ਗਰਾਊਂਡ ਪਹਿਲੀ ਤਰਜੀਹ
ਅਹੁਦਾ ਸੰਭਾਲਣ ਤੋਂ ਬਾਅਦ ਮੇਅਰ ਬਬਲਾ ਨੇ ਡੇਲੀ ਪੋਸਟ ਟੀਵੀ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਚੰਡੀਗੜ੍ਹ ਦੀ ਤਰੱਕੀ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਦੀ ਸਫਾਈ ਵਿਵਸਥਾ, ਡੰਪਿੰਗ ਗਰਾਊਂਡ ਦੀ ਸਮੱਸਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣ ਦੀ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਉਣ ਵਾਲੇ ਰੋਜ਼ ਫੈਸਟੀਵਲ ਦੀਆਂ ਤਿਆਰੀਆਂ ‘ਤੇ ਵੀ ਜ਼ੋਰ ਦਿੱਤਾ।

‘ਨੋ ਕਰੱਪਸ਼ਨ ਪਾਲਿਸੀ’ ਤਹਿਤ ਹੋਵੇਗਾ ਕੰਮ
ਆਪਣੇ ਕੰਮ ਬਾਰੇ ਗੱਲ ਕਰਦਿਆਂ, ਬਬਲਾ ਨੇ ਕਿਹਾ ਕਿ ਉਹ “ਨੋ ਕਰੱਪਸ਼ਨ ਪਾਲਿਸੀ” ਦੀ ਨੀਤੀ ਤਹਿਤ ਕੰਮ ਕਰੇਗੀ ਤੇ ਉਨ੍ਹਾਂ ਦਾ ਦਫ਼ਤਰ ਸਾਰੇ ਸ਼ਹਿਰ ਵਾਸੀਆਂ ਲਈ 24 ਘੰਟੇ ਖੁੱਲ੍ਹਾ ਰਹੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਨਿਗਮ ਪ੍ਰਸ਼ਾਸਨ ਪਾਰਦਰਸ਼ਤਾ ਅਤੇ ਜਨ ਭਾਗੀਦਾਰੀ ਨਾਲ ਕੰਮ ਕਰੇਗਾ।
ਦਵਿੰਦਰ ਸਿੰਘ ਬਬਲਾ ਨੇ ਦਿੱਤਾ ਵੱਡਾ ਬਿਆਨ
ਇਸ ਮੌਕੇ ਮੇਅਰ ਬਬਲਾ ਦੇ ਪਤੀ ਦਵਿੰਦਰ ਬਬਲਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਰੇ ਸਿਆਸੀ ਆਗੂਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਇਸੇ ਭਾਵਨਾ ਤਹਿਤ ਉਨ੍ਹਾਂ ਨੇ ਮੇਅਰ ਦਫ਼ਤਰ ਵਿੱਚ ਮਨੀਸ਼ ਤਿਵਾੜੀ ਦੀ ਫੋਟੋ ਵੀ ਲਗਾਈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਆਉਣ ਵਾਲੇ ਇੱਕ ਸਾਲ ਵਿੱਚ ਚੰਡੀਗੜ੍ਹ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।
ਹਰਪ੍ਰੀਤ ਕੌਰ ਬਬਲਾ ਦੀ ਅਗਵਾਈ ਹੇਠ ਚੰਡੀਗੜ੍ਹ ਨਗਰ ਨਿਗਮ ਹੁਣ ਨਵੀਂ ਕਾਰਜਸ਼ੈਲੀ ਅਤੇ ਪਾਰਦਰਸ਼ਤਾ ਨਾਲ ਸ਼ਹਿਰ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਤਿਆਰ ਹੈ।