ਚੰਡੀਗੜ੍ਹ ’ਚ ਬੱਚਿਆਂ ਤੋਂ ਕੰਮ ਕਰਵਾਉਣ ਲਈ ਨਵੇਂ ਨਿਯਮ ਲਾਗੂ
- ਪਰਿਵਾਰ ਦੇ ਕਾਰੋਬਾਰ ’ਚ ਵੱਧ ਤੋਂ ਵੱਧ 3 ਘੰਟੇ ਕਰ ਸਕਣਗੇ ਮਦਦ
- ਫਿਲਮਾਂ ਤੇ ਇਸ਼ਤਿਹਾਰਾਂ ’ਚ ਕੰਮ ਲਈ DM ਦੀ ਮਨਜ਼ੂਰੀ ਲਾਜ਼ਮੀ
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਬਾਲ ਮਜ਼ਦੂਰੀ ਨੂੰ ਨਿਯਮਬੱਧ ਕਰਨ ਅਤੇ ਬੱਚਿਆਂ ਦੀ ਪੜ੍ਹਾਈ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਨਵੇਂ ਨਿਯਮ ਲਾਗੂ ਕੀਤੇ ਹਨ। ਕਿਰਤ ਵਿਭਾਗ ਵੱਲੋਂ ‘ਬਾਲ ਅਤੇ ਕਿਸ਼ੋਰ ਮਜ਼ਦੂਰੀ (ਮਨਾਹੀ ਅਤੇ ਨਿਯਮ) ਚੰਡੀਗੜ੍ਹ ਨਿਯਮ, 2026’ ਜਾਰੀ ਕੀਤੇ ਗਏ ਹਨ। ਇਨ੍ਹਾਂ ਤਹਿਤ ਬੱਚਿਆਂ ਦੇ ਕੰਮ ਕਰਨ ਦੇ ਸਮੇਂ ਤੋਂ ਲੈ ਕੇ ਉਨ੍ਹਾਂ ਦੀ ਕਮਾਈ ਤੱਕ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਨਵੇਂ ਨਿਯਮਾਂ ਅਨੁਸਾਰ ਬੱਚਿਆਂ ਤੋਂ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੋਈ ਕੰਮ ਨਹੀਂ ਕਰਵਾਇਆ ਜਾ ਸਕੇਗਾ। ਹਾਲਾਂਕਿ, ਸਕੂਲ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਬੱਚੇ ਆਪਣੇ ਪਰਿਵਾਰ ਦੇ ਗੈਰ-ਖ਼ਤਰਨਾਕ ਕਾਰੋਬਾਰ ਵਿੱਚ ਮਦਦ ਕਰ ਸਕਣਗੇ, ਪਰ ਇਸ ਦੀ ਮਿਆਦ ਇੱਕ ਦਿਨ ਵਿੱਚ ਵੱਧ ਤੋਂ ਵੱਧ 3 ਘੰਟੇ ਹੋਵੇਗੀ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ।
ਫਿਲਮਾਂ ਅਤੇ ਇਸ਼ਤਿਹਾਰਾਂ ਲਈ ਵਿਸ਼ੇਸ਼ ਸ਼ਰਤਾਂ
ਟੀਵੀ ਸ਼ੋਅ, ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਬੱਚਿਆਂ ਨੂੰ ਕੰਮ ’ਤੇ ਲਾਉਣ ਲਈ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ (DM) ਤੋਂ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਅਜਿਹੇ ਕੰਮਾਂ ਵਿੱਚ ਬੱਚੇ ਦਿਨ ਵਿੱਚ ਵੱਧ ਤੋਂ ਵੱਧ 5 ਘੰਟੇ ਕੰਮ ਕਰ ਸਕਣਗੇ। ਉਨ੍ਹਾਂ ਤੋਂ ਲਗਾਤਾਰ 3 ਘੰਟਿਆਂ ਤੋਂ ਵੱਧ ਬਿਨਾਂ ਬ੍ਰੇਕ ਕੰਮ ਨਹੀਂ ਲਿਆ ਜਾ ਸਕੇਗਾ। ਇਸ ਤੋਂ ਇਲਾਵਾ ਲਗਾਤਾਰ 27 ਦਿਨਾਂ ਤੋਂ ਵੱਧ ਕੰਮ ਕਰਵਾਉਣ ’ਤੇ ਵੀ ਰੋਕ ਲਗਾਈ ਗਈ ਹੈ।
ਬੱਚਿਆਂ ਦੀ ਕਮਾਈ ਦਾ 20 ਫੀਸਦੀ FD ਹੋਵੇਗਾ
ਨਿਯਮਾਂ ਵਿੱਚ ਬਾਲ ਕਲਾਕਾਰਾਂ ਦੀ ਕਮਾਈ ਸੁਰੱਖਿਅਤ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੀ ਕੁੱਲ ਕਮਾਈ ਵਿੱਚੋਂ ਘੱਟੋ-ਘੱਟ 20 ਫੀਸਦੀ ਰਕਮ ਉਨ੍ਹਾਂ ਦੇ ਨਾਂ ’ਤੇ ਕਿਸੇ ਰਾਸ਼ਟਰੀਕ੍ਰਿਤ ਬੈਂਕ ਵਿੱਚ ਫਿਕਸਡ ਡਿਪਾਜ਼ਿਟ (FD) ਵਜੋਂ ਜਮ੍ਹਾਂ ਕਰਵਾਉਣੀ ਹੋਵੇਗੀ। ਇਹ ਰਕਮ ਬੱਚੇ ਨੂੰ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਮਿਲੇਗੀ।
30 ਦਿਨ ਸਕੂਲ ਨਾ ਆਉਣ ’ਤੇ ਹੋਵੇਗੀ ਰਿਪੋਰਟ
ਬੱਚਿਆਂ ਨੂੰ ਸਿੱਖਿਆ ਤੋਂ ਦੂਰ ਹੋਣ ਤੋਂ ਰੋਕਣ ਲਈ ਵੀ ਨਵੀਂ ਵਿਵਸਥਾ ਕੀਤੀ ਗਈ ਹੈ। ਜੇਕਰ ਕੋਈ ਬੱਚਾ ਬਿਨਾਂ ਸੂਚਨਾ ਦਿੱਤੇ ਲਗਾਤਾਰ 30 ਦਿਨ ਸਕੂਲ ਨਹੀਂ ਆਉਂਦਾ ਤਾਂ ਸਕੂਲ ਦੇ ਪ੍ਰਿੰਸੀਪਲ ਜਾਂ ਹੈੱਡਮਾਸਟਰ ਨੂੰ ਇਸ ਦੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਨਿਯੁਕਤ ਨੋਡਲ ਅਧਿਕਾਰੀ ਨੂੰ ਦੇਣੀ ਪਵੇਗੀ। ਇਨ੍ਹਾਂ ਨਿਯਮਾਂ ਦਾ ਮੁੱਖ ਮਕਸਦ ਬੱਚਿਆਂ ਦੀ ਸਿੱਖਿਆ, ਸੁਰੱਖਿਆ ਅਤੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ।